ਕੁਈਨਜ਼ਲੈਂਡ ''ਚ ਭਾਰੀ ਮੀਂਹ ਅਤੇ ਤੂਫਾਨ, ਲੋਕਾਂ ਨੂੰ ਘਰ ''ਚ ਰਹਿਣ ਦੀ ਅਪੀਲ (ਤਸਵੀਰਾਂ)
Sunday, Feb 27, 2022 - 01:28 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਦੱਖਣੀ-ਪੂਰਬੀ ਖੇਤਰ ਵਿੱਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਤੇ ਤੂਫਾਨ ਦਾ ਕਹਿਰ ਜਾਰੀ ਹੈ। ਬ੍ਰਿਸਬੇਨ ਨਦੀ 'ਚ ਪਾਣੀ ਦੇ ਵਾਧੇ ਕਾਰਨ ਲੋਕਾ ਦੀ ਜ਼ਿੰਦਗੀ ਬਹੁਤ ਹੀ ਬੁਰੀ ਤਰ੍ਹਾਂ ਨਾਲ ਰੁਕ ਗਈ ਹੈ, ਇਸ ਭਿਆਨਕ ਮੌਸਮ ਨਾਲ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਕਰੀਬਨ 1,430 ਤੋਂ ਵੱਧ ਘਰਾਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵਲੋ ਸੋਮਵਾਰ ਤੱਕ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਪੀਣ ਵਾਲੇ ਪਾਣੀ ਨੂੰ ਬਚਾਉਣ ਲਈ ਅਪੀਲ ਕੀਤੀ ਗਈ ਹੈ। ਪ੍ਰੀਮੀਅਰ ਅਨਾਸਤਾਸੀਆ ਪਲਾਸਜ਼ੁਕ ਨੇ ਲੱਖਾਂ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰਦਿਆ ਰਾਜ ਭਰ ਵਿੱਚ ਭਿਆਨਕ ਮੌਸਮ ਦੇ ਕਾਰਨ ਜਾਨ-ਲੇਵਾ ਤੂਫਾਨ ਅਤੇ ਹੜ੍ਹ ਆਉਣ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਇਪਸਵਿਚ, ਬ੍ਰਿਸਬੇਨ ਸਿਟੀ ਅਤੇ ਮੋਰੇਟਨ ਬੇਅ ਕੌਸਲ, ਸਮਰਸੈਟ, ਗਿੰਮਪੀ ਅਤੇ ਸਨਸ਼ਾਈਨ ਕੋਸਟ ਆਦਿ ਖੇਤਰ ਸ਼ਾਮਲ ਹਨ। ਐਤਵਾਰ ਸਵੇਰ ਤੱਕ ਰਾਜ ਦੇ ਦੱਖਣ-ਪੂਰਬ ਵਿੱਚ 1,000 ਤੋਂ ਵੱਧ ਲੋਕਾਂ ਨੇ 20 ਤੋਂ ਵੱਧ ਰਾਹਤ ਕੇਂਦਰਾਂ ਵਿੱਚ ਸ਼ਰਣ ਲਈ ਹੈ, ਅਤੇ ਹਜ਼ਾਰਾਂ ਹੋਰ ਆਪਣੇ ਘਰ ਛੱਡਣ ਲਈ ਮਜਬੂਰ ਹਨ। 21,000 ਤੋ ਵੱਧ ਘਰ ਬਿਜਲੀ ਤੋਂ ਬਿਨਾਂ ਸਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨਾਟੋ ਭਾਈਵਾਲਾਂ ਰਾਹੀਂ ਯੂਕ੍ਰੇਨ ਨੂੰ ਭੇਜੇਗਾ ਹਥਿਆਰ
ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਸੁਰੱਖਿਅਤ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਐਤਵਾਰ ਦੀ ਸਵੇਰ ਤੱਕ ਪੁਲਸ ਨੇ ਹੜ੍ਹਾਂ ਨਾਲ ਸਬੰਧਤ ਮਾਮਲਿਆਂ ਦੀ ਸੇਵਾ ਲਈ ਲਗਭਗ 6,000 ਕਾਲਾਂ ਪ੍ਰਾਪਤ ਕੀਤੀਆਂ ਅਤੇ ਉਹਨਾਂ ਦਾ ਜਵਾਬ ਦਿੱਤਾ। ਵਿਸ਼ੇਸ਼ ਜਲ ਪੁਲਿਸ ਸੇਵਾ ਨੂੰ ਬ੍ਰਿਸਬੇਨ, ਸਨਸ਼ਾਈਨ ਕੋਸਟ, ਗਿੰਮਪੀ ਅਤੇ ਇਪਸਵਿਚ ਵਿੱਚ ਤਾਇਨਾਤ ਕੀਤਾ ਗਿਆ ਹੈ।ਆਵਾਜਾਈ ਦੇ ਸਾਧਨ ਬੱਸ, ਰੇਲਵੇ ਅਤੇ ਫੇਰੀ ਦੀਆਂ ਸੇਵਾਵਾਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਈਆਂ ਹਨ। ਇੱਕ ਹਜਾਰ ਤੋਂ ਵੱਧ ਰਸਤੇ (ਸੜਕਾਂ) ਹੜ੍ਹ ਆਉਣ ਕਾਰਨ ਬੰਦ ਹੋ ਗਏ ਹਨ। ਪੁਲਸ, ਫ਼ੌਜ, ਫਾਇਰਬ੍ਰਿਗੇਡ, ਸਿਹਤ ਅਤੇ ਹੋਰ ਵੱਖ-ਵੱਖ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਮਦਦ ਲਈ ਚਾਰਾਜੋਈ ਕਰ ਰਹੀਆਂ ਹਨ।