ਤੁਰਕੀ-ਸੀਰੀਆ ’ਚ ਭੂਚਾਲ ਕਾਰਨ ਭਾਰੀ ਤਬਾਹੀ, ਹੁਣ ਤੱਕ 7200 ਤੋਂ ਵੱਧ ਲੋਕਾਂ ਦੀ ਮੌਤ
Wednesday, Feb 08, 2023 - 02:56 AM (IST)
ਨੂਰਦਾਗੀ : ਤੁਰਕੀ ਅਤੇ ਸੀਰੀਆ ’ਚ ਆਏ 7.8 ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਅਤੇ ਉਸ ਤੋਂ ਬਾਅਦ ਦੇ ਝਟਕਿਆਂ ਕਾਰਨ ਤਬਾਹ ਹੋਈਆਂ ਇਮਾਰਤਾਂ ’ਚੋਂ ਹੋਰ ਲਾਸ਼ਾਂ ਦੇ ਬਰਾਮਦ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 7200 ਤੋਂ ਵੱਧ ਹੋ ਗਈ ਹੈ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਹਜ਼ਾਰਾਂ ਇਮਾਰਤਾਂ ਦੇ ਮਲਬੇ ’ਚ ਬਚੇ ਲੋਕਾਂ ਨੂੰ ਲੱਭਣ ਲਈ ਬਚਾਅ ਕਰਮਚਾਰੀ ਕੰਮ ’ਚ ਲੱਗੇ ਹੋਏ ਹਨ। ਦੁਨੀਆ ਭਰ ਦੇ ਦੇਸ਼ਾਂ ਨੇ ਬਚਾਅ ਅਤੇ ਰਾਹਤ ਕਾਰਜਾਂ ’ਚ ਮਦਦ ਲਈ ਟੀਮ ਭੇਜੀ ਹੈ।
ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ‘ਮੂਛੇਂ ਹੋਂ ਤੋ ਹੋਮਗਾਰਡ ਕੇ ਇਸ ਜਵਾਨ ਜੈਸੀ’, ਪ੍ਰਤੀ ਮਹੀਨਾ ਲੈਂਦੈ 1060 ਰੁਪਏ ਮੁੱਛ-ਭੱਤਾ
ਇਹ ਖ਼ਬਰ ਵੀ ਪੜ੍ਹੋ : ਮਾਂ ਦਾ ਕਲੇਜਾ ਬਣਿਆ ਪੱਥਰ, 3 ਦਿਨਾ ਬੱਚੀ ਜਿਊਂਦੀ ਜ਼ਮੀਨ ’ਚ ਦੱਬੀ
ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ 24,400 ਤੋਂ ਵੱਧ ਐਮਰਜੈਂਸੀ ਕਰਮਚਾਰੀ ਮੌਕੇ ’ਤੇ ਮੌਜੂਦ ਹਨ ਪਰ ਸੋਮਵਾਰ ਦੇ ਜ਼ਬਰਦਸਤ ਭੂਚਾਲ ਨਾਲ ਵੱਡੇ ਖੇਤਰ ਨੂੰ ਪ੍ਰਭਾਵਿਤ ਹੋਣ ਅਤੇ ਇਕੱਲੇ ਤੁਰਕੀ ’ਚ ਹੀ ਲੱਗਭਗ 6,000 ਇਮਾਰਤਾਂ ਦੇ ਢਹਿ ਜਾਣ ਦੀ ਪੁਸ਼ਟੀ ਦੇ ਨਾਲ ਉਨ੍ਹਾਂ ਦੇ ਯਤਨ ਬਹੁਤ ਘੱਟ ਸਾਬਿਤ ਹੋ ਰਹੇ ਹਨ।
ਤੁਰਕੀ ਦੇ ਉਪ-ਰਾਸ਼ਟਰਪਤੀ ਫੁਅਤ ਓਕਤੇ ਨੇ ਕਿਹਾ ਕਿ ਇਕੱਲੇ ਤੁਰਕੀ ’ਚ ਹੀ ਇਮਾਰਤਾਂ ਦੇ ਮਲਬੇ ’ਚੋਂ 8,000 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੈ ਅਤੇ ਲੱਗਭਗ 3,80,000 ਲੋਕਾਂ ਨੇ ਸਰਕਾਰੀ ਸ਼ੈਲਟਰਾਂ ਜਾਂ ਹੋਟਲਾਂ ’ਚ ਸ਼ਰਨ ਲਈ ਹੈ। ਆਫ਼ਤ ’ਚ ਬਚੇ ਹੋਏ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ’ਚ ਜ਼ੀਰੋ ਤੋਂ ਹੇਠਾਂ ਦਾ ਤਾਪਮਾਨ ਅਤੇ ਲਗਭਗ 200 ਦੀ ਗਿਣਤੀ ’ਚ ਆਏ ਭੂਚਾਲ ਦੇ ਬਾਅਦ ਤੋਂ ਝਟਕੇ ਵੀ ਰੁਕਾਵਟ ਬਣ ਰਹੇ ਹਨ, ਇਸ ਕਾਰਨ ਅਸਥਾਈ ਢਾਂਚਿਆਂ ਦੇ ਅੰਦਰ ਲੋਕਾਂ ਨੂੰ ਲੱਭਣਾ ਕਾਫ਼ੀ ਖ਼ਤਰਨਾਕ ਹੋ ਗਿਆ ਹੈ।
ਨੂਰਗੁਲ ਅਤਾਯ ਨੇ ‘ਦਿ ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਹਤੇ ਸੂਬੇ ਦੀ ਰਾਜਧਾਨੀ ਅੰਤਾਕਿਆ ’ਚ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠ ਦੱਬੀ ਆਪਣੀ ਮਾਂ ਦੀ ਆਵਾਜ਼ ਨੂੰ ਉਹ ਸੁਣ ਸਕਦੀ ਸੀ ਪਰ ਉਨ੍ਹਾਂ ਦੇ ਅਤੇ ਹੋਰ ਲੋਕਾਂ ਦੇ ਮਲਬੇ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਬਚਾਅ ਕਰਮਚਾਰੀਆਂ ਅਤੇ ਭਾਰੀ ਸਾਜ਼ੋ-ਸਾਮਾਨ ਨਾ ਹੋਣ ਕਾਰਨ ਅਜਾਈਂ ਚਲੇ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ 70 ਸਾਲ ਦੀ ਸੀ ਅਤੇ ਜ਼ਿਆਦਾ ਸਮੇਂ ਤਕ ਜੂਝਣਯੋਗ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਦੇ ਦੱਖਣ-ਪੂਰਬ ’ਚ ਸਥਿਤ ਹਤੇ ’ਚ ਤਕਰੀਬਨ 1500 ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਮਲਬੇ ਹੇਠ ਦੱਬੇ ਹੋਣ ਅਤੇ ਕਿਸੇ ਬਚਾਅ ਦਲ ਜਾਂ ਮਦਦ ਦੇ ਨਾ ਪਹੁੰਚਣ ਦੀ ਸ਼ਿਕਾਇਤ ਕੀਤੀ ਹੈ। ਤੁਰਕੀ ਦੇ ਦੱਖਣ-ਪੂਰਬੀ ਸੂਬੇ ਕਾਹਨੇਮਾਰਸ ’ਚ ਕੇਂਦ੍ਰਿਤ ਭੂਚਾਲ ਨੇ ਦਮਿਸ਼ਕ ਅਤੇ ਬੇਰੂਤ ਦੇ ਵਸਨੀਕਾਂ ਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਕਰ ਦਿੱਤਾ।
ਸੀਰੀਆ ’ਚ ‘ਡਾਕਟਰਜ਼ ਵਿਦਾਊਟ ਬਾਰਡਰਜ਼’ ਦੇ ਮਿਸ਼ਨ ਦੇ ਮੁਖੀ ਸੇਬੇਸਟੀਅਨ ਗੇ ਨੇ ਕਿਹਾ ਕਿ ਉੱਤਰੀ ਸੀਰੀਆ ’ਚ ਡਾਕਟਰੀ ਕਰਮਚਾਰੀ ਜ਼ਖ਼ਮੀ ਜੀਅ ਜਾਨ ਨਾਲ ਡਟੇ ਹਨ, ਜੋ ਭਾਰੀ ਗਿਣਤੀ ’ਚ ਆਏ ਜ਼ਖ਼ਮੀਆਂ ਲਈ 24 ਘੰਟੇ ਕੰਮ ਕਰ ਰਹੇ ਹਨ। ਲੋਕਾਂ ਨੇ ਹਤੇ ਸੂਬੇ ’ਚ ਹਜ਼ਾਰਾਂ ਲੋਕਾਂ ਨੇ ਖੇਡ ਕੇਂਦਰਾਂ ਜਾਂ ਮੇਲਾ ਹਾਲਜ਼ ’ਚ ਸ਼ਰਨ ਲਈ, ਜਦਕਿ ਹੋਰ ਲੋਕਾਂ ਨੇ ਬਾਹਰ ਰਾਤ ਕੱਟੀ। ਇਸਕੇਂਦਰੂਨ ਬੰਦਰਗਾਹ ਦੇ ਇਕ ਖੇਤਰ ਤੋਂ ਸੰਘਣਾ ਕਾਲਾ ਧੂੰਆਂ ਉੱਠ ਰਿਹਾ ਹੈ, ਜਿੱਥੇ ਫਾਇਰਫਾਈਟਰ ਅਜੇ ਤੱਕ ਅੱਗ ਨੂੰ ਬੁਝਾਉਣ ’ਚ ਕਾਮਯਾਬ ਨਹੀਂ ਹੋ ਸਕੇ ਹਨ। ਇਹ ਅੱਗ ਭੂਚਾਲ ਕਾਰਨ ਪਲਟੇ ਸ਼ਿਪਿੰਗ ਕੰਟੇਨਰ ’ਚ ਲੱਗੀ ਸੀ।