ਹਯਾਤ ਬਲੂਚ ਦੇ ਕਤਲ ਨੂੰ ਲੈ ਕੇ ਬ੍ਰਿਟਿਸ਼ ਕਾਰਕੁਨ ਨੇ ਪਾਕਿ ਸਰਕਾਰ ਨੂੰ ਪਾਈ ਝਾੜ

08/29/2020 3:38:09 PM

ਲੰਡਨ : ਬਲੂਚ ਰਾਸ਼ਟਰੀ ਅੰਦੋਲਨ ਬ੍ਰਿਟਿਸ਼ ਜੋਨ ਦੇ ਪ੍ਰਧਾਨ ਹਕੀਮ ਬਲੂਚ ਨੇ ਨੌਜਵਾਨ ਹਯਾਤ ਦੇ ਕਤਲ 'ਤੇ ਪਾਕਿਸਤਾਨ ਸਰਕਾਰ ਨੂੰ ਝਾੜ ਪਾਈ ਅਤੇ ਕਿਹਾ ਕਿ ਉਸ ਦੀ ਮੌਤ ਨਾਲ ਹੀ ਉਸ ਦੇ ਸੁਫ਼ਨਿਆਂ ਦੀ ਵੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਅਸੀਂ ਜੋ ਵੇਖਿਆ ਅਤੇ ਸੁਣਿਆ ਉਹ ਇਕ ਦੁਖ਼ਦ ਘਟਨਾ ਸੀ, ਜਿਸ ਵਿਚ ਇਕ ਬਲੂਚ ਨੌਜਵਾਨ ਹਯਾਤ ਮਿਰਜਾ ਬਲੂਚ ਨੂੰ ਆਪਣੀ ਜਾਨ ਗਵਾਉਣੀ ਪਈ। ਹਯਾਤ ਮਿਰਜਾ ਦਾ ਕਤਲ ਨਾ ਸਿਰਫ਼ ਉਸ ਦੀ ਆਤਮਾ ਦਾ ਕਤਲ ਸੀ, ਸਗੋਂ ਇਸ ਕਤਲ ਨੇ ਇਕ ਸਨਮਾਨਜਨਕ ਨੌਕਰੀ ਕਰਣ ਅਤੇ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਣ ਦੇ ਨਾਲ -ਨਾਲ ਸਿੱਖਿਆ ਦੇ ਸੁਫ਼ਨਿਆਂ ਨੂੰ ਮਾਰ ਦਿੱਤਾ।

ਹਕੀਮ ਬਲੂਚ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਪਾਕਿ ਦੇ ਫਰੰਟੀਅਰ ਕਾਰਪਸ (ਐਫ.ਸੀ.) ਵੱਲੋਂ ਹਯਾਤ ਨੂੰ ਉਸ ਦੇ ਬਜ਼ੁਰਗ ਮਾਂ-ਬਾਪ ਦੇ ਸਾਹਮਣੇ ਹੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਨ੍ਹਾਂ ਨੇ ਲਿਖਿਆ ਹਯਾਤ ਮਿਰਜ਼ਾ ਦਾ ਪਰਿਵਾਰ ਗਰੀਬ ਹੈ ਅਤੇ ਉਨ੍ਹਾਂ ਨੇ ਇਹ ਯਕੀਨੀ ਕਰਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹਯਾਤ ਇਕ ਚੰਗੀ ਸਿੱਖਿਆ ਪ੍ਰਾਪਤ ਕਰੇ। ਬਦਕਿਸਮਤੀ ਨਾਲ ਤਥਾਕਥਿਤ ਰਖਿਅਕ (ਐਫ.ਸੀ.) ਕਰਮੀਆਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਇਸ ਕਤਲ ਨੂੰ ਠੀਕ ਠਹਿਰਾਉਣ ਲਈ ਆਈ.ਜੀ.ਐਫ.ਸੀ. ਨੇ ਹਯਾਤ ਮਿਰਜਾ ਦੇ ਘਰ ਦਾ ਦੌਰਾ ਕੀਤਾ, ਉਨ੍ਹਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਪਰ ਆਪਣੀਆਂ ਅੱਖਾਂ ਦੇ ਸਾਹਮਣੇ ਨੌਜਵਾਨ ਬੇਟੇ ਗੁਆਉਣ ਵਾਲੇ ਬਜ਼ੁਰਗ ਮਾਂ-ਬਾਪ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।'

ਉਨ੍ਹਾਂ ਨੇ ਕਿਹਾ ਕਿ ਸਿਰਫ਼ ਕਵੇਟਾ ਅਤੇ ਕਰਾਚੀ ਤੋਂ ਹੀ ਨਹੀਂ ਸਗੋਂ ਯੂਰਪ ਦੀ ਬਲੂਚ ਜਨਤਾ ਵਿਚ ਹਯਾਤ ਬਲੂਚ ਦੇ ਕਤਲ ਖ਼ਿਲਾਫ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਇਨਸਾਫ ਲਈ ਇਮਰਾਨ ਖਾਨ ਸਰਕਾਰ ਤੋਂ ਕਾਤਲਾਂ ਦੀ ਗ੍ਰਿਫਤਾਰੀ ਅਤੇ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਲੂਚ ਦੀ ਬੇਰਹਿਮੀ ਅਤੇ ਜ਼ੁਲਮ ਨੂੰ ਖ਼ਤਮ ਕਰਣ ਲਈ ਪਾਕਿਸਤਾਨੀ ਰਾਜ ਦੀਆਂ ਦਮਨਕਾਰੀ ਨੀਤੀਆਂ ਦਾ ਹਰ ਸੰਭਵ ਤਰੀਕੇ ਨਾਲ ਵਿਰੋਧ ਕਰਣ ਦੀ ਜ਼ਰੂਰਤ ਹੈ। ਦੱਸ ਦੇਈਏ ਕਿ ਇਸ ਕਤਲ ਨੇ ਪੂਰੇ ਪਾਕਿਸਤਾਨ ਵਿਚ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ।


cherry

Content Editor

Related News