ਵਿਧਾਨਸਭਾ ਚੋਣਾਂ ਲਈ ਬਰੈਂਪਟਨ ਨਾਰਥ ਤੋਂ ਇਹ ਪੰਜਾਬਣ ਹੋਵੇਗੀ ਉਮੀਦਵਾਰ
Tuesday, Sep 08, 2020 - 01:08 PM (IST)
ਬਰੈਂਪਟਨ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਸਾਲ 2022 ਵਿਚ ਸੂਬਾਈ ਚੋਣਾਂ ਹੋਣੀਆਂ ਹਨ, ਜਿਸ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕੈਨੇਡਾ ਦੀ ਰਾਜਨੀਤੀ ਵਿਚ ਪੰਜਾਬੀਆਂ ਦਾ ਕਾਫੀ ਦਬਦਬਾ ਬਣਿਆ ਹੋਇਆ ਹੈ। 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਵੀ ਕਈ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਨਜ਼ਰ ਆਉਣ ਵਾਲੇ ਹਨ, ਜਿਸ ਲਈ ਪਾਰਟੀਆਂ ਨੇ ਹੁਣ ਤੋਂ ਹੀ ਮਿਹਨਤ ਸ਼ੁਰੂ ਕਰ ਦਿੱਤੀ ਹੈ।
ਬਰੈਂਪਟਨ ਉੱਤਰੀ ਹਲਕੇ ਤੋਂ ਲਿਬਰਲ ਪਾਰਟੀ ਨੇ ਹਰਿੰਦਰ ਮੱਲ੍ਹੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਤੁਹਾਨੂੰ ਦੱਸ ਦਈਏ ਕਿ ਹਰਿੰਦਰ 2014 ਤੋਂ 2018 ਤੱਕ ਬਰੈਂਪਟਨ-ਸਪਰਿੰਗਡੇਲ ਹਲਕੇ ਵਿਚ ਐੱਮ. ਪੀ. ਪੀ. ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸਟੇਟ ਆਫ ਵੂਮਨ ਮਾਮਲਿਆਂ ਦੀ ਮੰਤਰੀ ਵਜੋਂ ਸੇਵਾਵਾਂ ਨਿਭਾਅ ਚੁੱਕੀ ਹੈ। ਭਾਈਚਾਰੇ ਵਿਚ ਚੰਗੀ ਪਛਾਣ ਸਦਕਾ ਉਨ੍ਹਾਂ ਨੂੰ ਇਸ ਵਾਰ ਵੀ ਮੌਕਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਓਂਟਾਰੀਓ ਲਿਬਰਲ ਪਾਰਟੀ ਵਜੋਂ ਸੇਵਾ ਨਿਭਾਉਣ ਤੇ ਸੂਬੇ ਦੇ ਵਿਕਾਸ ਲਈ ਹਿੱਸਾ ਬਣਨ ਲਈ ਉਤਸ਼ਾਹਤ ਹੈ। ਉਨ੍ਹਾਂ ਕਿਹਾ ਕਿ ਸਟੀਵਨ ਡੈੱਲ ਡੁਕਾ ਦੀ ਲੀਡਰਸ਼ਿਪ ਵਿਚ ਕੰਮ ਕਰਨ ਲਈ ਉਹ ਤਿਆਰੀਆਂ ਕਰ ਰਹੀ ਹੈ ਤੇ ਉਸ ਨੂੰ ਆਸ ਹੈ ਕਿ ਉਹ ਸਫਲ ਹੋਵੇਗੀ।