ਬ੍ਰਿਸਬੇਨ ਖੇਡ ਮੇਲੇ ''ਚ ਸਿਰ ਚੜ੍ਹ ਬੋਲਿਆਂ ਹਰਭਜਨ ਮਾਨ ਦੀ ਗਾਇਕੀ ਦਾ ਜਾਦੂ

11/07/2017 3:14:02 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਨਿਊ ਇੰਗਲੈਡ ਕਾਲਜ, ਮਾਲਵਾ ਕਲੱਬ ਤੇ ਫਾਈਵ ਟੀਮ ਇੰਟਰਟੇਨਮੈਂਟ ਦੇ ਪ੍ਰਬੰਧਕ ਨੈਵੀ ਗਿੱਲ, ਅਮਨਿੰਦਰ ਭੁੱਲਰ, ਦੀਪਇੰਦਰ ਸਿੰਘ, ਭਰਪੂਰ ਹੰਸ ਤੇ ਜਤਿੰਦਰ ਰੀਹਲ ਵਲੋਂ 'ਬ੍ਰਿਸਬੇਨ ਖੇਡ ਮੇਲਾ' ਮੋਰਟਨ ਬੇਅ ਸਪੋਰਟਸ ਕਲੱਬ ਟਿੰਗਲਪਾ ਵਿਖੇ ਬੜੇ ਹੀ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ। ਮੇਲੇ ਦੇ ਸਿਖਰ 'ਚ ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਖੁੱਲੇ ਅਖਾੜੇ 'ਚ ਜਦੋਂ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂਜ ਉੱਠਿਆ, ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੀਤ 'ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ', 'ਮਾਵਾਂ ਠੰਡੀਆਂ ਛਾਵਾਂ' ਨਾਲ ਮਾਂ ਦੀ ਮਮਤਾ ਤੇ ਪ੍ਰਮਾਤਮਾ ਦੀ ਇਬਾਦਿਤ ਕਰਦਿਆਂ ਕੀਤੀ। ਉਪਰੰਤ ਇੱਕ ਤੋਂ ਵਧ ਇੱਕ ਪ੍ਰਸਿੱਧ ਗੀਤ ਜਿਨ੍ਹਾਂ 'ਚ 'ਜੱਗ ਜਿਉਦਿਆਂ ਦੇ ਮੇਲੇ', 'ਗੱਲਾ ਗੋਰੀਆਂ ਦੇ ਵਿੱਚ ਟੋਏ', 'ਯਾਦਾ ਰਹਿ ਜਾਣੀਏ','ਚਿੱਠੀਏ ਨੀ ਚਿੱਠੀਏ','ਠਹਿਰ ਜਿੰਦੜੀਏ ਠਹਿਰ' ਆਦਿ ਅਨੇਕਾ ਗੀਤਾਂ ਨਾਲ ਜਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ। ਹਰਭਜਨ ਮਾਨ ਨੇ ਤਕਰੀਬਨ ਤਿੰਨ ਘੰਟੇ ਲਗਾਤਾਰ ਗਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਦੇਰ ਰਾਤ ਤੱਕ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਮੇਲੇ ਨੂੰ ਸਿਖਰਾ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ ਵਾਹ ਖੱਟੀ।
ਜਿਕਰਯੋਗ ਹੈ ਕਿ ਹਰਭਜਨ ਮਾਨ ਦੇ ਖੁੱਲੇ ਅਖਾੜੇ 'ਚ ਵੱਡੀ ਗਿਣਤੀ ਵਿੱਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ। ਮੁੱਖ ਪ੍ਰਬੰਧਕ ਨੈਵੀ ਗਿੱਲ, ਅਮਨਿੰਦਰ ਭੁੱਲਰ ਤੇ ਦੀਪਇੰਦਰ ਸਿੰਘ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ 'ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ। ਸਾਰਾ ਦਿਨ ਚੱਲੇ ਇਸ ਮੇਲੇ 'ਚ ਫੁੱਟਬਾਲ, ਕਬੱਡੀ, ਵਾਲੀਵਾਲ, ਰੱਸਾ-ਕੱਸੀ ਆਦਿ ਪੁਰਾਤਨ ਖੇਡਾਂ ਦੇ ਮੈਚ ਵੀ ਕਰਵਾਏ ਗਏ, ਅਵਨਿੰਦਰ ਲਾਲੀ ਤੇ ਰਵਿੰਦਰ ਜੱਸੜ ਦੀ ਅਗਵਾਈ 'ਚ ਕਰਵਾਏ ਗਏ ਕਬੱਡੀ ਮੁਕਾਬਲਿਆਂ ਦੇ ਫਾਈਨਲ 'ਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵੁਲਗੂਲਗਾ ਦੀ ਟੀਮ ਨੇ ਮਾਲਵਾ ਕਲੱਬ ਨੂੰ ਹਰਾ ਕੇ ਕੱਪ ਆਪਣੇ ਨਾਮ ਕਰਵਾ ਲਿਆ। ਸਰਵੋਤਮ ਰੇਡਰ ਲਾਡ ਜੌਹਲ ਤੇ ਸਰਵੋਤਮ ਜਾਫੀ ਤੀਰਥ ਅਤੇ ਗੱਗਾ ਬੁਰਜ਼ ਨੂੰ ਸਾਝੇ ਤੌਰ ਐਲਾਨਿਆਂ ਗਿਆ। ਮੈਚ ਦੀ ਕੁਮੈਂਟਰੀ ਗੱਗੀ ਮਾਨ ਤੱਖਤੂਪੁਰ ਨੇ ਆਪਣੇ ਵੱਖਰੇ ਦਿਲਕਸ਼ ਅੰਦਾਜ ਵਿੱਚ ਕੀਤੀ। ਸਥਾਨਕ ਕਲਾਕਾਰਾਂ ਵਲੋਂ ਗਿੱਧਾ-ਭੰਗੜਾਂ ਤੇ ਲਾਈਵ ਮਿਊਜਿਕ ਦੇ ਨਾਲ-ਨਾਲ ਬੱਚਿਆ ਦੇ ਲਈ ਖੇਡ ਅਤੇ ਸੱਭਿਆਚਾਰਕ ਵੰਨਗੀਆ ਵੀ ਖਿੱਚ ਦਾ ਕੇਦਰ ਰਹੀਆਂ ਤੇ ਵੱਖ ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਸਨ, ਜਿਨ੍ਹਾ 'ਚ ਭੋਜਨ, ਸੱਭਿਆਚਾਰਕ ਤੇ ਸਾਹਿਤ ਦੀ ਤਰਜਮਾਨੀ ਕਰ ਰਹੇ ਸਨ। ਪੰਜ-ਆਬ ਰੀਡਿੰਗ ਗਰੁੱਪ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਨੂੰ ਵੀ ਸਾਹਿਤਕ ਪ੍ਰੇਮੀਆ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾਂ ਦਿੱਤਾ ਗਿਆ।ਹਰਭਜਨ ਮਾਨ ਦਾ ਖੁੱਲ੍ਹਾ ਅਖਾੜਾ ਵਿਰਸੇ ਦੀ ਬਾਤ ਪਾਉਂਦਾ ਹੋਇਆ ਅਮਿੱਟ ਪੈੜ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ। ਪ੍ਰੀਤ ਸਿਆਂ ਤੇ ਜਸਕਿਰਨ ਕੌਰ ਵਲੋਂ ਮੰਚ ਦਾ ਸੰਚਾਲਨ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਕੀਤਾ ਗਿਆ। ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ ਵੱਲੋਂ ਹਰਭਜਨ ਮਾਨ ਦੁਆਰਾ ਪੰਜਾਬੀਅਤ ਦੀ ਸੇਵਾ ਲਈ ਪਾਏ ਗਏ ਯੋਗਦਾਨ ਲਈ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।


Related News