ਹਮਾਸ ਨੇ 4 ਬੰਧਕਾਂ ਦੀਆਂ ਲਾਸ਼ਾਂ ਇਜ਼ਰਾਈਲ ਨੂੰ ਸੌਂਪੀਆਂ ; 9 ਮਹੀਨੇ ਦੇ ਅਗਵਾ ਬੱਚੇ ਦੀ ਵੀ ਲਾਸ਼
Friday, Feb 21, 2025 - 02:34 AM (IST)

ਗਾਜ਼ਾ - ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਵੀਰਵਾਰ ਨੂੰ 4 ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਰੈੱਡ ਕ੍ਰਾਸ ਏਜੰਸੀ ਨੂੰ ਸੌਂਪ ਦਿੱਤੀਆਂ, ਜਿਨ੍ਹਾਂ ’ਚ ਸ਼ਿਰੀ ਬਿਬਾਸ ਤੇ ਉਸ ਦੇ 2 ਬੱਚੇ ਏਰੀਅਲ ਬਿਬਾਸ ਤੇ ਕੈਫਿਰ ਬਿਬਾਸ ਸ਼ਾਮਲ ਹਨ। 7 ਅਕਤੂਬਰ, 2023 ਨੂੰ ਜਦੋਂ ਹਮਾਸ ਨੇ ਇਨ੍ਹਾਂ ਨੂੰ ਬੰਧਕ ਬਣਾਇਆ ਸੀ ਤਾਂ ਏਰੀਅਲ 4 ਸਾਲ ਦਾ ਸੀ ਤੇ ਕੈਫਿਰ 9 ਮਹੀਨਿਆਂ ਦਾ ਸੀ। ਇਨ੍ਹਾਂ ਬੱਚਿਆਂ ਦੇ ਪਿਤਾ ਯਾਰਡੇਨ ਬਿਬਾਸ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਰਿਹਾਅ ਕਰ ਦਿੱਤਾ ਗਿਆ ਸੀ। ਚੌਥੀ ਲਾਸ਼ 83 ਸਾਲਾ ਓਡੇਡ ਲਿਫਸ਼ਿਟਜ਼ ਦੀ ਹੈ। ਉਸ ਨੂੰ ਉਸ ਦੀ ਪਤਨੀ ਯੋਚੇਵੇਦ ਸਮੇਤ ਕਿਬੁਤਜ਼ ਨੀਰ ਓਜ਼ ਤੋਂ ਅਗਵਾ ਕਰ ਲਿਆ ਗਿਆ ਸੀ। ਯੋਚੇਵੇਦ ਨੂੰ ਹਮਾਸ ਨੇ 24 ਅਕਤੂਬਰ, 2023 ਨੂੰ ਰਿਹਾਅ ਕਰ ਦਿੱਤਾ ਸੀ। ਹਮਾਸ ਸ਼ਨੀਵਾਰ ਨੂੰ 6 ਬੰਧਕਾਂ ਨੂੰ ਰਿਹਾਅ ਕਰੇਗਾ। ਇਨ੍ਹਾਂ ਬੰਧਕਾਂ ਦੇ ਬਦਲੇ ਇਜ਼ਰਾਈਲ ਅਕਤੂਬਰ 2023 ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ 19 ਸਾਲ ਤੋਂ ਘੱਟ ਉਮਰ ਦੇ ਫਿਲਸਤੀਨੀਆਂ ਨੂੰ ਰਿਹਾਅ ਕਰੇਗਾ। ਇਸ ਦੇ ਨਾਲ ਹੀ ਇਜ਼ਰਾਈਲ ਮਿਸਰ ਸਰਹੱਦ ਰਾਹੀਂ ਗਾਜ਼ਾ ਤੱਕ ਮਲਬਾ ਹਟਾਉਣ ਵਾਲੀਆਂ ਮਸ਼ੀਨਾਂ ਲਿਜਾਣ ਦੀ ਇਜਾਜ਼ਤ ਦੇਵੇਗਾ।