ਹਮਾਸ ’ਤੇ ਇਜ਼ਰਾਈਲੀ ਫੌਜੀਆਂ ’ਤੇ ਗੋਲੀਬਾਰੀ ਕਰਨ ਦਾ ਦੋਸ਼, ਨੇਤਨਯਾਹੂ ਨੇ ਹਮਲੇ ਦਾ ਦਿੱਤਾ ਹੁਕਮ

Wednesday, Oct 29, 2025 - 10:37 AM (IST)

ਹਮਾਸ ’ਤੇ ਇਜ਼ਰਾਈਲੀ ਫੌਜੀਆਂ ’ਤੇ ਗੋਲੀਬਾਰੀ ਕਰਨ ਦਾ ਦੋਸ਼, ਨੇਤਨਯਾਹੂ ਨੇ ਹਮਲੇ ਦਾ ਦਿੱਤਾ ਹੁਕਮ

ਤੇਲ ਅਵੀਵ (ਇੰਟ.)– ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੀ ਫੌਜ ਨੂੰ ਗਾਜ਼ਾ ’ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ। ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਦੇ ਲੜਾਕਿਆਂ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਰਾਫਾਹ ਵਿਚ ਇਜ਼ਰਾਈਲੀ ਰੱਖਿਆ ਬਲਾਂ (ਆਈ. ਡੀ. ਐੱਫ.) ’ਤੇ ਗੋਲੀਬਾਰੀ ਕੀਤੀ ਹੈ।

ਇਸ ਤੋਂ ਬਾਅਦ ਸੁਰੱਖਿਆ ਸਲਾਹਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਨੇਤਨਯਾਹੂ ਨੇ ਤੁਰੰਤ ਫੌਜ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ। ਇਸ ਨਾਲ ਇਲਾਕੇ ਵਿਚ ਤਣਾਅ ਵਧ ਗਿਆ ਹੈ ਅਤੇ ਸ਼ਾਂਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। 20 ਦਿਨ ਪਹਿਲਾਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ ਸੀ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 29 ਸਤੰਬਰ ਨੂੰ ਨੇਤਨਯਾਹੂ ਦੀ ਮੌਜੂਦਗੀ ਵਿਚ 20-ਨੁਕਾਤੀ ਸ਼ਾਂਤੀ ਯੋਜਨਾ ਪੇਸ਼ ਕੀਤੀ, ਜਿਸ ’ਤੇ ਹਮਾਸ 9 ਅਕਤੂਬਰ ਨੂੰ ਸਹਿਮਤ ਹੋਇਆ ਸੀ।

ਹਮਾਸ ’ਤੇ ਗਲਤ ਲਾਸ਼ਾਂ ਵਾਪਸ ਕਰਨ ਦਾ ਵੀ ਦੋਸ਼

ਨੇਤਨਯਾਹੂ ਨੇ ਹਮਾਸ ’ਤੇ ਜੰਗਬੰਦੀ ਸਮਝੌਤੇ ਤਹਿਤ ਗਲਤ ਲਾਸ਼ਾਂ ਵਾਪਸ ਕਰਨ ਦਾ ਵੀ ਦੋਸ਼ ਲਾਇਆ ਹੈ। ਨੇਤਨਯਾਹੂ ਨੇ ਇਸ ਨੂੰ ਸਮਝੌਤੇ ਦੀ ਸਪੱਸ਼ਟ ਉਲੰਘਣਾ ਕਿਹਾ ਹੈ। ਸਮਝੌਤੇ ਦੇ ਮੱਦੇਨਜ਼ਰ ਹਮਾਸ ਨੇ ਸਾਰੇ ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਜਲਦੀ ਤੋਂ ਜਲਦੀ ਵਾਪਸ ਕਰਨੀਆਂ ਸਨ।

ਉੱਥੇ ਹੀ ਇਜ਼ਰਾਈਲੀ ਹਮਲੇ ਕਾਰਨ ਹਮਾਸ ਨੇ ਕੈਦੀਆਂ ਦੀਆਂ ਲਾਸ਼ਾਂ ਵਾਪਸ ਕਰਨ ਦੇ ਆਪਣੇ ਪ੍ਰੋਗਰਾਮ ਨੂੰ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਮਾਸ ਨੇ ਕਿਹਾ ਸੀ ਕਿ ਉਹ ਇਕ ਹੋਰ ਲਾਸ਼ ਵਾਪਸ ਕਰੇਗਾ। ਖਾਨ ਯੂਨਿਸ ਦੇ ਇਕ ਟੋਏ ਵਿਚੋਂ ਇਕ ਚਿੱਟਾ ਬੈਗ ਬਰਾਮਦ ਕੀਤਾ ਗਿਆ ਸੀ, ਜਿਸ ਨੂੰ ਇਕ ਐਂਬੂਲੈਂਸ ਵਿਚ ਰੱਖਿਆ ਗਿਆ ਸੀ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਵਿਚ ਕੀ ਸੀ। 13 ਬੰਧਕਾਂ ਦੀਆਂ ਲਾਸ਼ਾਂ ਅਜੇ ਗਾਜ਼ਾ ਵਿਚ ਹੀ ਹਨ।


author

cherry

Content Editor

Related News