ਮੁੜ ਚਰਚਾ ''ਚ ਆਈ ਇਹ ਮਾਡਲ, ਪਹਿਲਾਂ ਫਲਾਈਟ ''ਚ ਚੜ੍ਹਨ ਤੋਂ ਰੋਕਿਆ ਗਿਆ, ਹੁਣ ਜਿਮ ਨੇ ਕਰ ''ਤਾ ਬੈਨ
Tuesday, Jul 21, 2026 - 11:22 PM (IST)
ਬਰਲਿਨ : ਜਰਮਨੀ ਦੀ ਮਸ਼ਹੂਰ ਫਿਟਨੈੱਸ ਇਨਫਲੂਐਂਸਰ ਅਤੇ ਮਾਡਲ ਏਡਾ ਐਲੀਸਾ (Edda Elisa) ਇਕ ਵਾਰ ਫਿਰ ਵੱਡੇ ਵਿਵਾਦਾਂ ਵਿਚ ਘਿਰ ਗਈ ਹੈ। ਕੁਝ ਸਮਾਂ ਪਹਿਲਾਂ ਆਪਣੇ ਕੱਪੜਿਆਂ ਕਾਰਨ ਫਲਾਈਟ ਵਿਚ ਚੜ੍ਹਨ ਤੋਂ ਰੋਕੀ ਗਈ ਇਸ ਮਾਡਲ 'ਤੇ ਹੁਣ ਇਕ ਵੱਡੀ ਜਿਮ ਚੇਨ ਨੇ ਪਾਬੰਦੀ ਲਗਾ ਦਿੱਤੀ ਹੈ।
25 ਸਾਲਾ ਏਡਾ ਐਲੀਸਾ, ਜਿਸਦਾ ਅਸਲੀ ਨਾਮ ਏਡਾ ਪਿਲਜ ਹੈ, ਪਿਛਲੇ ਚਾਰ ਸਾਲਾਂ ਤੋਂ ਜਰਮਨੀ ਦੇ 'ਜੌਨ ਰੀਡ ਫਿਟਨੈੱਸ ਜਿਮ' ਵਿਚ ਅਭਿਆਸ ਕਰ ਰਹੀ ਸੀ। ਜਾਣਕਾਰੀ ਅਨੁਸਾਰ, ਜਿਮ ਨੇ ਉਸ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਜਿਮ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਏਡਾ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਸਥਾਨਕ ਰਿਪੋਰਟਾਂ ਮੁਤਾਬਕ, ਜਿਮ ਦੇ ਦੂਜੇ ਮੈਂਬਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਏਡਾ ਲੰਬੇ ਸਮੇਂ ਤੱਕ ਜਿਮ ਦੇ ਸ਼ੀਸ਼ਿਆਂ ਸਾਹਮਣੇ ਖੜ੍ਹ ਕੇ ਫੋਟੋਆਂ ਅਤੇ ਵੀਡੀਓਜ਼ ਬਣਾਉਂਦੀ ਰਹਿੰਦੀ ਸੀ, ਜਿਸ ਨਾਲ ਬਾਕੀ ਲੋਕਾਂ ਦੇ ਵਰਕਆਊਟ ਵਿਚ ਵਿਘਨ ਪੈਂਦਾ ਸੀ।
ਦੂਜੇ ਪਾਸੇ, ਏਡਾ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਹੈ। ਉਸ ਦਾ ਦਾਅਵਾ ਹੈ ਕਿ ਉਸ ਨੂੰ ਉਸ ਦੀ ਵਧਦੀ ਪ੍ਰਸਿੱਧੀ ਅਤੇ ਸੋਸ਼ਲ ਮੀਡੀਆ ਫਾਲੋਇੰਗ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਏਡਾ ਨੇ ਸਵਾਲ ਚੁੱਕਿਆ ਕਿ ਜਦੋਂ ਜਿਮ ਦਾ ਆਪਣਾ ਅਧਿਕਾਰਤ ਸੋਸ਼ਲ ਮੀਡੀਆ ਪੇਜ ਦੂਜੇ ਮੈਂਬਰਾਂ ਦੀਆਂ ਸੈਲਫੀਆਂ ਸਾਂਝੀਆਂ ਕਰਦਾ ਹੈ, ਤਾਂ ਉਸ ਨੂੰ ਕਿਉਂ ਰੋਕਿਆ ਗਿਆ। ਉਸ ਨੂੰ ਹੁਣ ਸਵਿਟਜ਼ਰਲੈਂਡ ਨੂੰ ਛੱਡ ਕੇ ਦੁਨੀਆ ਭਰ ਦੇ ਸਾਰੇ ਜੌਨ ਰੀਡ ਜਿਮਾਂ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਏਡਾ ਆਪਣੇ ਵਿਵਹਾਰ ਜਾਂ ਪਹਿਰਾਵੇ ਕਾਰਨ ਚਰਚਾ ਵਿਚ ਆਈ ਹੋਵੇ। ਜੂਨ ਦੇ ਅਖੀਰ ਵਿਚ, ਉਸ ਨੇ ਦੋਸ਼ ਲਾਇਆ ਸੀ ਕਿ ਲੁਫਥਾਂਸਾ (Lufthansa) ਫਲਾਈਟ ਦੇ ਕਰਮਚਾਰੀਆਂ ਨੇ ਉਸ ਨੂੰ ਜਹਾਜ਼ ਵਿਚ ਚੜ੍ਹਨ ਤੋਂ ਸਿਰਫ ਇਸ ਲਈ ਰੋਕ ਦਿੱਤਾ ਸੀ ਕਿਉਂਕਿ ਉਸ ਦਾ ਜਿਮ ਆਊਟਫਿਟ 'ਬਹੁਤ ਜ਼ਿਆਦਾ ਖੁੱਲ੍ਹਾ' ਮੰਨਿਆ ਗਿਆ ਸੀ। ਉਸ ਨੂੰ ਜੈਕਟ ਪਹਿਨ ਕੇ ਆਪਣੇ ਆਪ ਨੂੰ ਢੱਕਣ ਤੋਂ ਬਾਅਦ ਹੀ ਜਹਾਜ਼ ਵਿਚ ਜਾਣ ਦੀ ਇਜਾਜ਼ਤ ਮਿਲੀ ਸੀ।
ਦੱਸ ਦੇਈਏ ਕਿ ਏਡਾ ਸੋਸ਼ਲ ਮੀਡੀਆ 'ਤੇ ਕਾਫੀ ਲੋਕਪ੍ਰਿਯ ਹੈ। ਉਸ ਦੇ ਟਿਕਟੌਕ 'ਤੇ ਲਗਭਗ 6.49 ਲੱਖ ਅਤੇ ਇੰਸਟਾਗ੍ਰਾਮ 'ਤੇ 5.51 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਕਈ ਰਿਐਲਿਟੀ ਟੀਵੀ ਸ਼ੋਅਜ਼ ਵਿਚ ਵੀ ਨਜ਼ਰ ਆ ਚੁੱਕੀ ਹੈ। ਅਜਿਹੇ ਵਿਵਾਦਾਂ ਕਾਰਨ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
