ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਬਧੀ ਕਲਤੂਰਾ ਸਿੱਖ ਇਟਲੀ ਵੱਲੋਂ 2 ਮਈ ਨੂੰ ਬਰੇਸ਼ੀਆ ਵਿਖੇ ਸਮਾਗਮ
Saturday, May 01, 2021 - 05:36 PM (IST)
ਰੋਮ (ਕੈਂਥ)- ਮਹਾਨ ਸਿੱਖ ਧਰਮ ਦੇ 9ਵੇਂ ਗੁਰੂ ਸਾਹਿਬ ਸਤਿਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੁਨੀਆ ਭਰ ਵਿੱਚ ਸਿੱਖ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਪੂਰਵਕ ਅੱਜ ਮਨਾਈ ਜਾ ਰਹੀ ਹੈ। ਇਸ ਗੁਰਪੁਰਬ ਸੰਬਧੀ ਪ੍ਰੈੱਸ ਜਾਣਕਾਰੀ ਦਿੰਦਿਆਂ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵਜੋਂ ਵੀ ਸਤਿਕਾਰਿਆ ਜਾਂਦਾ ਹੈ। ਗੁਰੂ ਸਾਹਿਬ ਨੇ ਧਰਮ ਹਿੱਤ ਲਈ ਸਿਰ ਤਾਂ ਦੇ ਦਿੱਤਾ ਪਰ ਸਿੱਦਕ ਨਹੀ ਹਾਰਿਆ। ਸਤਿਗੁਰੂ ਤੇਗ ਬਹਾਦਰ ਜੀ ਸ਼ਹਾਦਤ ਪੂਰੀ ਦੁਨੀਆ ਵਿਚ ਇਕ ਵਿਲੱਖਣ ਮਿਸਾਲ ਹੈ ਜਿਸ ਵਿਚ ਗੁਰੂ ਸਾਹਿਬ ਨੇ ਹਿੰਦੂ ਧਰਮ ਦੇ ਤਿਲਕ ਅਤੇ ਜੰਜੂ ਦੀ ਰੱਖਿਆ ਹਿੱਤ ਆਪਣਾ ਸੀਸ ਨਿਛਾਵਰ ਕਰਕੇ ਜਾਲਿਮ ਦੇ ਜਬਰ ਖ਼ਿਲਾਫ਼ ਬਗ਼ਾਵਤ ਕੀਤੀ।
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੰਨ ਸ੍ਰੀ ਗੁਰੂ ਗ੍ਰੰਥ ਵਿੱਚ ਦਰਜ ਬਾਣੀ ਸਾਨੂੰ ਗੁਰੂ ਨੂੰ ਆਪਾਂ ਸਮਰਪਿਤ ਕਰਨ ਲਈ ਜਿੱਥੇ ਪ੍ਰੇਰਦੀ ਹੈ ਉੱਥੇ ਗੁਰੂ ਸਾਹਿਬ ਉਪੱਰ ਪੂਰਨ ਵਿਸ਼ਵਾਸੀ ਹੋਣ ਦਾ ਸਬਕ ਦਿੰਦੀ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਪੁਰਬ ਸੰਬਧੀ ਦੁਨੀਆ ਭਰ ਵਿੱਚ ਸਮਾਗਮ ਹੋ ਰਹੇ ਹਨ। ਇਟਲੀ ਦੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸੇਵਾ ਨਿਭਾ ਰਹੀ ਸੰਸਥਾ ਸਿੱਖ ਕਲਤੂਰਾ ਇਟਲੀ ਵੱਲੋਂ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 2 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਜੋਕਮੋ ਬਰੇਸ਼ੀਆ ਵਿਖੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਰਜਿੰਦਰ ਸਿੰਘ ਪਟਿਆਲ਼ੇ ਵਾਲੇ ਸੰਗਤਾਂ ਨੂੰ ਵਿਸਥਾਰਪੂਰਵਕ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਉਣਗੇ।