1933 ਤੋਂ 2019 ਤੱਕ : ਗੁਰੂ ਨਾਨਕ ਦੇਵ ਜੀ ਦੇ ਰਾਹਵਾਂ ਦੇ ਦੋ ਪਾਂਧੀ ਅਤੇ ਵਿਰਾਸਤਾਂ ਦੀ ਨਿਸ਼ਾਨਦੇਹੀ

Sunday, Nov 22, 2020 - 02:57 PM (IST)

1933 ਤੋਂ 2019 ਤੱਕ : ਗੁਰੂ ਨਾਨਕ ਦੇਵ ਜੀ ਦੇ ਰਾਹਵਾਂ ਦੇ ਦੋ ਪਾਂਧੀ ਅਤੇ ਵਿਰਾਸਤਾਂ ਦੀ ਨਿਸ਼ਾਨਦੇਹੀ

ਹਰਪ੍ਰੀਤ ਸਿੰਘ ਕਾਹਲੋਂ 

ਯਾਤਰਾ ਅਤੇ ਇਹਦੀ ਸੱਭਿਆਤਾਵਾਂ ਦੇ ਇਤਿਹਾਸ 'ਚ ਨਿਸ਼ਾਨਦੇਹੀ, ਇਸ ਦਾ ਆਪਣਾ ਹੀ ਜਲਾਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ 'ਚ ਰਾਗਾਂ 'ਚ ਬਾਣੀ ਨੂੰ ਰਚਿਆ ਅਤੇ ਗਾਇਆ। ਉਨ੍ਹਾਂ ਨੇ ਸੰਸਾਰ ਦੇ ਵੱਖ-ਵੱਖ ਹਿੱਸਿਆਂ ’ਚ ਉਦਾਸੀਆਂ ਕੀਤੀਆਂ ਅਤੇ ਅਖ਼ੀਰ ਕਰਤਾਰਪੁਰ ਸਾਹਿਬ ਦੀ ਮੁੱਕਦਸ ਧਰਤੀ 'ਤੇ ਆਕੇ ਖੇਤੀ ਕੀਤੀ। ਇਸ ਦੌਰਾਨ ਉਨ੍ਹਾਂ ਗ੍ਰਹਿਸਥ ਜ਼ਿੰਦਗੀ ਦੀ ਮਹੱਤਤਾ ਨੂੰ ਵੀ ਦੱਸਿਆ ਅਤੇ ਨਾਮ ਜਪਣ, ਕਿਰਤ ਕਰਨ, ਵੰਡ ਛੱਕਣ ਦਾ ਰੂਹਾਨੀ ਅਹਿਸਾਸ ਵੀ ਦਿੱਤਾ। ਸੱਭਿਆਤਾਵਾਂ ਦੇ ਇਤਿਹਾਸ 'ਚ ਗੁਰੂ ਦੇ ਦੱਸੇ ਮਾਰਗ 'ਤੇ ਤੁਰਦਿਆਂ ਇਹਦਾ ਅਹਿਸਾਸ ਕਰਕੇ ਵੇਖੋ। ਉਨ੍ਹਾਂ ਆਪਣੇ ਸਿੱਖਾਂ ਨੂੰ ਕੀ ਸਿਖਾਇਆ? ਘੁੰਮਣਾ ਅਤੇ ਦੁਨੀਆਂ ਦੀ ਪ੍ਰਾਹੁਣਾਚਾਰੀ ਨੂੰ ਸਮਝਣਾ, ਬੰਦੇ ਦੀ ਖ਼ੋਜ ਅਤੇ ਸਿਦਕ ਸੰਤੋਖ ਦੀ ਸਾਧਣਾ ਇਹੋ ਤਾਂ ਹੈ ਬਾਬੇ ਨਾਨਕ ਦੇ ਘਰ ਦਾ ਸਿਰਨਾਵਾਂ! 

ਭਾਈ ਧੰਨਾ ਸਿੰਘ (1905-1935) ਨੇ ਆਪਣੀ ਸਾਈਕਲ ਯਾਤਰਾ ਰਾਹੀ, ਜੋ ਦੀਦਾਰੇ ਕੀਤੇ ਉਹ ਇਸ ਦੌਰ 'ਚ ਅਮਰਦੀਪ ਸਿੰਘ ਹੁਣਾਂ ਨੇ ਕੀਤੇ ਹਨ। ਦੋਵੇਂ ਪਾਂਧੀਆਂ ਦੀ ਯਾਤਰਾਵਾਂ 'ਚ ਆਪੋ ਆਪਣੇ ਅਹਿਸਾਸ ਹਨ ਪਰ ਇਹ ਸਿਰਫ਼ ਗੁਰਧਾਮ ਯਾਤਰਾਵਾਂ ਨਹੀਂ ਹਨ। ਇਸ ਦੌਰਾਨ ਇਨ੍ਹਾਂ ਨੇ ਆਪੋ ਆਪਣੇ ਸਮਿਆਂ 'ਚ ਗੁਰੂ ਨਾਨਕ ਕਥਾਵਾਂ ਦੇ ਉਸ ਅਹਿਸਾਸ ਨਾਲ ਜਾ ਜੁੜੇ, ਜਿੱਥੇ ਉਹ ਗੁਰਦੁਆਰੇ ਤੋਂ ਬਾਹਰ ਦੂਜੇ ਧਰਮ ਦੇ ਲੋਕਾਂ ਦੀਆਂ ਰਹੁ ਰੀਤਾਂ ਸੁਭਾਅ ਅਤੇ ਉਨ੍ਹਾਂ ਦੀ ਬਾਬੇ ਨਾਨਕ ਦੇ ਰਿਸ਼ਤੇ ਨਾਲ ਪੈਦਾ ਹੋਈ ਮੁਹੱਬਤ ਦੀ ਸਾਂਝ ਨੂੰ ਮਹਿਸੂਸ ਕਰਨਾ ਵੀ ਹੈ।

ਗੁਰਦੁਆਰਾ ਬਾਲ ਲੀਲਾ ਸਾਹਿਬ

PunjabKesari

ਹਰ ਬੰਦੇ ਦੇ ਅੰਦਰ ਇੱਕ ਸਫ਼ਰ ਲੁਕਿਆ ਹੈ ਅਤੇ ਉਸ ਸਫ਼ਰ 'ਤੇ ਜਾਣਾ 'ਵਿਰਾਸਤਾਂ ਦਾ ਸਫ਼ਰ' ਹੋਵੇਗਾ-ਅਮਰਦੀਪ ਸਿੰਘ
ਅਮਰਦੀਪ ਸਿੰਘ ਇੱਕ ਲੇਖਕ ਦੇ ਤੌਰ 'ਤੇ ਆਪਣੇ ਕੀਤੇ ਕਾਰਜ ਦਾ ਸਿਹਰਾ ਆਪਣੇ ਆਪ ਨੂੰ ਨਹੀਂ ਦਿੰਦੇ। ਉਹ ਕਹਿੰਦੇ ਹਨ ਜੋ ਮੈਂ ਕਾਰਪੋਰੇਟ ਨੌਕਰੀ 'ਚ ਕਰ ਰਿਹਾ ਸੀ, ਉਹਦੇ ਨਾਲੋਂ ਨਾਲ ਮੇਰੇ ਅੰਦਰ ਦਾ ਕੁਝ ਇਸ ਸਫ਼ਰ ਲਈ ਤਿਆਰ ਹੁੰਦਾ ਗਿਆ। ਇਹ ਅਹਿਸਾਸ ਬਿਆਨ ਤੋਂ ਬਾਹਰ ਹੈ। ਤੁਹਾਡੇ ਅੰਦਰ ਇੱਕ ਸਫ਼ਰ ਸਦਾ ਲੁਕਿਆ ਹੁੰਦਾ ਹੈ ਅਤੇ ਤੁਸੀਂ ਉਹ ਸਫ਼ਰ ਕਰਦੇ ਹੋ ਤਾਂ ਸਮਝੋ ਤੁਹਾਡੇ ਤੋਂ ਉਹ ਕੋਈ ਕਰਵਾ ਰਿਹਾ ਹੈ।

ਗੋਰਖਪੁਰ ਉੱਤਰ ਪ੍ਰਦੇਸ਼ ਦਾ ਬੰਦਾ 25 ਸਾਲ ਦੀ ਨੌਕਰੀ ਕਾਰਪੋਰੇਟ ਕੰਪਨੀਆਂ 'ਚ ਵੱਖ-ਵੱਖ ਥਾਵਾਂ 'ਤੇ ਕਰਦਾ ਰਿਹਾ। ਆਪਣੀ ਨੌਕਰੀ ਦੇ ਨਾਲ-ਨਾਲ ਉਨ੍ਹਾਂ ਫੋਟੋਗ੍ਰਾਫੀ ਕਰਨੀ ਸ਼ੁਰੂ ਕੀਤੀ। 2014 'ਚ ਜਦੋਂ ਅਮਰਦੀਪ ਮੁਤਾਬਕ ਉਨ੍ਹਾਂ ਨੌਕਰੀ ਛੱਡੀ ਤਾਂ ਕੁਝ ਅਜਿਹੀ ਜਾਂਚ ਅੰਦਰ ਆ ਗਈ ਸੀ ਕਿ ਮੈਂ ਆਪਣੇ ਅਹਿਸਾਸ ਨੂੰ ਲਿਖਕੇ, ਫੋਟੋਗ੍ਰਾਫੀ ਨਾਲ ਦੱਸ ਸਕਦਾ ਸੀ। ਦੁਨਿਆਵੀ ਤੌਰ 'ਤੇ ਬੰਦਾ, ਜੋ ਆਪਣੇ ਹੀਲੇ ਵਸੀਲੇ ਕਰਦਾ ਹੈ, ਉਹਦੇ ਨਾਲੋਂ ਨਾਲ ਉਹਦਾ ਆਪਣਾ ਕੁਝ ਅਜਿਹਾ ਤਿਆਰ ਵੀ ਹੁੰਦਾ ਹੈ। ਇਹ ਸਮਾਂਤਰ ਅੰਦਰੂਨੀ ਸਫ਼ਰ ਹਨ। ਬੰਦਾ ਆਪਣੇ ਆਪ 'ਚ ਵਿਰਾਸਤ ਹੈ ਅਤੇ ਮੇਰੀ ਵਿਰਾਸਤਾਂ ਦੀਆਂ ਜੜ੍ਹਾਂ ਦੀ ਇੱਕ ਤੰਦ ਮੁਜ਼ੱਫਰਾਬਾਦ ਪਾਕਿਸਤਾਨ ਕਸ਼ਮੀਰ 'ਚ ਹੈ, ਜਿੱਥੇ ਮੇਰੇ ਪਿਤਾ ਸਨ। ਮੇਰੀ ਮਾਂ ਐਬਟਾਬਾਦ ਤੋਂ ਸੀ। ਇਹ ਮੇਰੇ ਅੰਦਰ ਦੀ ਉਹ ਪ੍ਰੇਰਣਾ ਸੀ, ਜੀਹਦੇ ਕਰਕੇ ਮੈਂ ਪਾਕਿਸਤਾਨ 'ਚ ਸਫ਼ਰ ਕਰਨਾ ਚਾਹੁੰਦਾ ਸੀ। ਤੁਸੀ ਜਿਉਂ ਜਿਉਂ ਸਫ਼ਰ ਕਰਦੇ ਹੋ ਤਾਂ ਮਹਿਸੂਸ ਕਰਦੇ ਹੋ ਕਿ ਇਹ ਸਫ਼ਰ ਨਿਜ ਦੀ ਵਿਰਾਸਤ ਤੋਂ ਵੀ ਪਾਰ ਤੁਹਾਡੇ ਪੁਰਖ਼ਿਆਂ ਦੇ ਬੇਪਨਾਹ ਇਤਿਹਾਸਕ ਪਿਛੋਕੜ ਦੀ ਬਹੁਤ ਪੁਰਾਣੀ ਲੰਮੀ ਅਤੇ ਮਹਾਨ ਸਾਂਝ ਦੀ ਵਿਰਾਸਤ ਹੈ।

ਗੁਰਦੁਆਰਾ ਬਾਲ ਲੀਲਾ ਸਾਹਿਬ 1 ਅਕਤੂਬਰ 1933 ਭਾਈ ਧਾਨਾ ...

PunjabKesari

ਅਮਰਦੀਪ ਸਿੰਘ ਕਹਿੰਦੇ ਹਨ ਕਿ ਅਸੀਂ ਸਿੰਧੂ ਤਹਿਜ਼ੀਬ ਦੇ ਲੋਕ ਹਾਂ। ਇਸ ਤਹਿਜ਼ੀਬ 'ਚ ਸਾਡਾ ਸਿੱਖੀ ਦਾ ਬੂਟਾ ਲੱਗਿਆ। ਇੱਥੇ ਵੇਦਾਂਤ ਸਿਰਜੇ ਗਏ ਅਤੇ ਇਹੋ ਬੁੱਧ ਫ਼ਲਸਫ਼ੇ ਦੀ ਜ਼ਮੀਨ ਬਣੀ। ਇਹਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਇਤਿਹਾਸ ਹੋਰ ਹੈ ਅਤੇ ਅਸੀਂ ਆਪਣਾ ਆਪ ਜੋੜ ਕਿਤੇ ਹੋਰ ਰਹੇ ਹਾਂ। ਜੇ ਸਾਨੂੰ ਮੌਕਾ ਮਿਲੇ ਪਾਕਿਸਤਾਨ ਜਾਣ ਦਾ ਤਾਂ ਅਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਅਤੇ ਉਸ ਥਾਂ ਜਾਵਾਂਗੇ ਜਿੱਥੋਂ ਦੇ ਸਾਡੇ ਆਪਣੇ ਦਾਦੇ ਬਾਬੇ ਸਨ ਪਰ ਵਿਰਾਸਤ ਤਾਂ ਇਸ ਤੋਂ ਬਾਹਰ ਬਹੁਤ ਹੈ। ਵਿਰਾਸਤਾਂ ਦਾ ਇਹ ਸਫ਼ਰ ਅਧਿਆਤਮਕ ਦਰਸ਼ਨ ਵੀ ਹੈ, ਵਿਰਾਸਤੀ ਸਾਂਝ ਵੀ ਅਤੇ ਸਾਡੀ ਜੰਗਜੂ ਪ੍ਰਪੰਰਾ ਦਾ ਦਸਤਾਵੇਜ਼ ਵੀ ਹੈ।

ਅਮਰਦੀਪ ਸਿੰਘ ਕਹਿੰਦੇ ਹਨ ਕਿ ਮੈਂ ਆਪਣੀ ਕਿਤਾਬ 'ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਲਿਖਣ ਨਹੀਂ ਸੀ ਗਿਆ। ਮੈਂ ਤਾਂ ਕੁਝ ਲੱਭਣ ਗਿਆ ਸੀ, ਜੋ ਬਹੁਤ ਨਿੱਜੀ ਸੀ ਪਰ ਹੌਲੀ-ਹੌਲੀ ਮਹਿਸੂਸ ਹੁੰਦਾ ਗਿਆ ਕਿ ਇਸ ਦੌਰ 'ਚ ਫੋਟੋਆਂ ਨਾਲ ਦ੍ਰਿਸ਼ਟਾਂਤ ਲੇਖਣੀ ਨੂੰ ਲਿਖਣਾ ਕਿੰਨਾ ਜ਼ਰੂਰੀ ਹੈ। ਇਸ ਦੌਰਾਨ ਮੈਂ 36 ਸ਼ਹਿਰ ਅਤੇ ਪਿੰਡ ਘੁੰਮਿਆ। ਇਸ ਸਫ਼ਰ 'ਚ ਮੈਂ ਉਨ੍ਹਾਂ ਥਾਵਾਂ, ਰਾਹਵਾਂ ਅਤੇ ਬੰਦਿਆਂ ਨੂੰ ਮਿਲਿਆ। ਨਵੰਬਰ 2014 ਤੱਕ ਮੈਂ ਆਪਣੇ ਇਸ ਸਫ਼ਰ ਤੋਂ ਵਾਪਸ ਆਇਆ। ਫਿਰ 6 ਤੋਂ 7 ਮਹੀਨਿਆਂ 'ਚ ਇਹਨੂੰ ਲਿਖਿਆ। ਇੰਝ ਲਿਖਦਿਆਂ ਹੁਣ ਇਹ ਜ਼ਰੂਰ ਮਹਿਸੂਸ ਹੋ ਗਿਆ ਸੀ ਕਿ ਇਹ ਕੰਮ ਅਗਲੀ ਪੀੜ੍ਹੀ ਲਈ ਹੈ। ਮੇਰਾ ਨਜ਼ਰੀਆ ਹੈ ਕਿ ਕੋਈ ਇਸ ਕਿਤਾਬ ਨੂੰ 400 ਸਾਲ ਬਾਅਦ ਵੀ ਪੜ੍ਹੇ, ਖ਼ੋਜ ਕਰੇ ਤਾਂ ਮੇਰੇ ਲਿਖੇ ਦੀ ਕੋਈ ਅਹਿਮੀਅਤ ਹੋਵੇ। ਜਨਵਰੀ 2016 'ਚ ਮੇਰੀ ਇਹ ਪਹਿਲੀ ਕਿਤਾਬ ਆਈ। ਇਸ ਕਿਤਾਬ ਦੀ ਚੌਥੀ ਛਪਾਈ ਮਈ 2018 'ਚ ਹੋਈ ਹੈ। ਜਨਵਰੀ 2016 ਤੋਂ ਲੈ ਕੇ ਅਗਸਤ 2016 ਤੱਕ 8 ਮਹੀਨੇ ਫਿਰ ਇਸ ਕਿਤਾਬ ਦੇ ਸੈਮੀਨਾਰਾਂ 'ਚੋਂ ਲੰਘੇ। ਇਸ ਦੌਰਾਨ ਵੱਖ-ਵੱਖ ਦੇਸ਼ਾਂ 'ਚ 76 ਸੈਮੀਨਾਰ ਕੀਤੇ ਅਤੇ ਪਾਕਿਸਤਾਨ ਸਰਕਾਰ ਦੇ ਅਦਾਰਿਆਂ ਵੱਲੋਂ ਸਹਿਯੋਗ ਦਾ ਵਾਅਦਾ ਵੀ ਹੋਇਆ।

ਗੁਰਦੁਆਰਾ ਕਿਆਰਾ ਸਾਹਿਬ

PunjabKesari

ਅਮਰਦੀਪ ਸਿੰਘ ਕਹਿੰਦੇ ਹਨ ਕਿ ਇਹਨੂੰ ਮਹਿਸੂਸ ਕਰੋ ਕਿ ਨਾਲੋਂ ਨਾਲ ਮਸਲਾ ਆਪਣੀ ਗ੍ਰਹਿਸਥੀ ਦਾ ਵੀ ਹੈ। 2 ਸਾਲ ਬਾਅਦ ਮੈਂ ਦੁਬਾਰਾ ਕਾਰਪੋਰੇਟ 'ਚ ਨੌਕਰੀ ਕਰਨ ਲਈ ਵਾਪਸ ਆਇਆ। 2 ਸਾਲ ਦੇ ਵਕਫੇ ਕਰਕੇ ਕਾਫੀ ਕੁਝ ਬਦਲ ਗਿਆ ਸੀ। ਮੈਂ ਨਿੱਕੀ ਨੌਕਰੀ ਤੋਂ ਸ਼ੁਰੂਆਤ ਕੀਤੀ ਪਰ ਇਹ ਸਮਝ ਆ ਗਈ ਸੀ ਕਿ ਹੁਣ ਮੈਂ ਵਿਰਾਸਤ ਦੇ ਅਜਿਹੇ ਦਸਤਾਵੇਜ਼ੀ ਕੰਮਾਂ ਨਾਲ ਹੀ ਹਾਂ। ਇਹੋ ਮੇਰੇ ਵਜੂਦ ਦਾ ਹਿੱਸਾ ਹੈ।

2 ਜਨਵਰੀ 2017 ਨੂੰ ਮੈਂ ਇਸਲਾਮਾਬਾਦ ਅਦਬੀ ਮੇਲੇ 'ਚ ਹਿੱਸਾ ਲੈਣ ਗਿਆ ਸੀ। ਜਿਵੇਂ ਕਿ ਆਸਟ੍ਰੇਲੀਆ 'ਚ ਸੈਮੀਨਾਰ ਦੌਰਾਨ ਉੱਥੋਂ ਦੇ ਪਾਕਿਸਤਾਨੀ ਦੂਤਘਰ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਤਾਂ ਮੈਂ ਉਨ੍ਹਾਂ ਥਾਵਾਂ 'ਤੇ ਜਾਣਾ ਚਾਹੁੰਦਾ ਸੀ, ਜੋ ਪਹਿਲਾਂ ਛੁੱਟ ਗਈਆਂ ਸਨ। ਹੁਣ 5-6 ਦਿਨ ਦਾ ਸਫ਼ਰ 55 ਦਿਨ 'ਚ ਬਦਲ ਗਿਆ। ਇਸ ਦੌਰਾਨ ਮੈਂ ਸਿੰਧ, ਕਸ਼ਮੀਰ, ਬਲੋਚਿਸਤਾਨ ਸਮੇਤ 96 ਥਾਵਾਂ 'ਤੇ ਗਿਆ। ਮੈਂ ਅਟਕ, ਜਮਰੋਧ ਦੇ ਕਿਲ੍ਹੇ ਵੇਖ ਰਿਹਾ ਸਾਂ, ਖ਼ੈਬਰ ਪਖ਼ਤੂਨ ਘੁੰਮ ਰਿਹਾ ਸੀ ਅਤੇ ਇਹ ਸਾਰਾ ਸਫ਼ਰ ਤੈਅਸ਼ੁਦਾ ਨਹੀਂ ਸੀ।

ਗੁਰਦੁਆਰਾ ਸੱਚਾ ਸੌਦਾ

PunjabKesari

ਮੇਰੇ ਸਫ਼ਰ ਦੇ ਮੂਲ ਨੂੰ ਸਮਝਣ ਲਈ ਸਿੱਖ ਫਲਸਫ਼ੇ ਦੇ ਨਿਸ਼ਾਨ, ਵਿਰਸਾਤ ਦੇ ਖ਼ਜ਼ਾਨੇ ਅਤੇ ਜਨਮ ਸਾਖ਼ੀਆਂ ਦੀ ਰਵਾਇਤ ਸਮਝਣੀ ਪਵੇਗੀ। ਇੰਝ ਮੇਰੀ ਦੂਜੀ ਕਿਤਾਬ 'ਦੀ ਕੁਇਸਟ ਕੰਟੀਨਊ, ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ' ਆਈ। ਇਸ ਕਿਤਾਬ ਤੋਂ ਬਾਅਦ ਅਗਸਤ 2018 ਤੱਕ ਮੈਂ 105 ਸੈਮੀਨਾਰ 'ਚ ਗਿਆ। ਇਸ ਵਿਰਾਸਤ ਤੱਕ ਜੇ ਪਾਠਕਾਂ ਦੀ ਸੁਰਤ ਪਹੁੰਚਦੀ ਹੈ ਤਾਂ ਵਿਰਾਸਤਾਂ ਜਿਉਂਦੀਆਂ ਰਹਿਣਗੀਆਂ। ਅਜਿਹਾ ਮੇਰਾ ਯਕੀਨ ਹੈ।
ਅਮਰਦੀਪ ਸਿੰਘ ਦੇ ਕਾਰਜ 'ਚ ਮਨੁੱਖਤਾ ਦੀ ਭਰੀ ਪੂਰੀ ਉਮੀਦ ਦਾ ਰਾਹ ਹੈ, ਕਿਉਂਕਿ ਸਮੇਂ ਦੀਆਂ ਤ੍ਰਾਸਦੀ ਭਰੀ ਤਾਰੀਖ਼ਾਂ 'ਚ ਜਿਹੜਾ ਖ਼ਾਕਾ ਤੈਅ ਹੋ ਗਿਆ ਹੈ ਕਿ ਅਸੀਂ ਪਹਿਲਾਂ ਤੋਂ ਬਣਾਈ ਇੱਕ ਪਰਿਭਾਸ਼ਾ 'ਚ ਰਹਿ ਰਹੇ ਹਾਂ। ਇਸ 'ਚ ਇਹ ਗਲਤ ਉਹ ਸਹੀ ਦੀ ਬਹਿਸ ਹੈ ਪਰ ਸਾਂਝੀਵਾਲਤਾ ਦੀ ਵੱਡੀ ਵਿਰਾਸਤ ਤਾਂ ਇੱਥੇ ਹੀ ਹੈ, ਜਿਹਨੂੰ ਅਮਰਦੀਪ ਸਿੰਘ ਹੁਣਾਂ ਆਪਣੇ ਕਾਰਜ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ। ਅਮਰਦੀਪ ਸਿੰਘ ਕਹਿੰਦੇ ਹਨ ਕਿ ਮੇਰੇ ਕਾਰਜ 'ਚ ਤੰਦ ਬਿਰਹਾ ਦੀ ਹੈ। ਇਹ ਵੰਡ ਦੇ ਦਰਦ ਦੀਆਂ ਵਿਆਖਿਆ ਹੈ, ਜਿਸ 'ਚ ਵਿਰਾਸਤਾਂ ਨੇ ਆਪਣੇ ਵਾਰਸਾਂ ਤੱਕ ਮੁੜ ਪਹੁੰਚਣਾ ਹੈ ਜਾਂ ਵਾਰਸਾਂ ਨੇ ਆਪਣੀ ਵਿਰਾਸਤਾਂ ਤੱਕ ਮੁੜ ਪਹੁੰਚਣਾ ਹੈ। ਇਹ ਅਜ਼ਾਦੀ ਤੋਂ ਬਾਅਦ ਟੁੱਟਣ, ਵਿਛੜਣ ਦੀ ਵੰਡ 'ਚ ਮੁੜ ਤੋਂ ਜੁੜਣ ਦੀ ਤੰਦ ਹੈ।

ਅਸਤੀਫ਼ਾ ਪ੍ਰਵਾਣ ਕਰੋ, ਮੈਂ ਹੁਣ ਗੁਰੂ ਦੀ ਨੌਕਰੀ ਕਰ ਲਈ ਹੈ-ਭਾਈ ਧੰਨਾ ਸਿੰਘ
ਸਿੱਖ ਇਤਿਹਾਸ ਦੇ ਬਣਾਉਣ ਦਾ ਹੈ ਪ੍ਰੇਮ ਮੈਨੂੰ। ਇਹੋ ਅਰਦਾਸ ਮੇਰੀ ਪੂਰੀ ਤੂੰ ਨਵਾਈ ਗੁਰੂ।
ਰਹਿੰਦਾ ਹਾਂ ਪਟਿਆਲੇ ਅਤੇ ਸਾਈਕਲ ਦਾ ਯਾਤਰੂ ਹਾਂ। ਧੰਨਾ ਸਿੰਘ ਨਾਮ ਆਪ ਬਣੀ ਤੂੰ ਸਹਾਈ ਗੁਰੂ।

ਗੁਰਦੁਆਰਾ ਕਿਆਰਾ ਸਾਹਿਬ 03 ਅਕਤੂਬਰ 1933

PunjabKesari

ਮੀਂਹ, ਨ੍ਹੇਰੀ, ਸਰਦੀ, ਗਰਮੀ, ਕੱਚਾ ਰਾਹ, ਪੱਕੀ ਸੜਕ, ਥਲ, ਪਹਾੜ, ਨਦੀਆਂ ਅਤੇ ਦਰਿਆਵਾਂ ਨੂੰ ਪਾਰ ਕਰਦਿਆਂ ਭਾਈ ਧੰਨਾ ਸਿੰਘ ਨੇ ਅਸਾਮ ਤੋਂ ਪਿਸ਼ੌਰ ਜਮਰੌਦ ਅਤੇ ਕਸ਼ਮੀਰ ਤੋਂ ਲੈ ਕੇ ਸ੍ਰੀ ਹਜ਼ੂਰ ਸਾਹਿਬ ਤੱਕ ਜਿਸ ਦੀਵਾਨਗੀ ਨਾਲ ਯਾਤਰਾਵਾਂ ਕੀਤੀਆਂ, ਉਹ ਰੂਹਾਨੀ ਸਫ਼ਰ ਸੀ। ਇਸ ਸਫ਼ਰ 'ਚ ਭਾਈ ਧੰਨਾ ਸਿੰਘ ਨੇ ਸਿੱਖ ਇਤਿਹਾਸ, ਵਿਰਾਸਤਾਂ ਦੀ ਨਿਸ਼ਾਨਦੇਹੀ ਅਤੇ ਆਪਣੀਆਂ ਡਾਇਰੀਆਂ ਅਤੇ ਫੋਟੋਆਂ ਨਾਲ, ਜੋ ਦਿੱਤਾ ਉਹ ਇੱਕ ਸਦੀ ਬਾਅਦ ਸਾਡੇ ਲਈ ਵਿਲੱਖਣ ਖ਼ਜ਼ਾਨਾ ਹੈ।

1905 ਦੇ ਜੰਮਪਲ ਭਾਈ ਧੰਨਾ ਸਿੰਘ ਪਿੰਡ ਚਾਂਗਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ। 11 ਮਾਰਚ 1930 ਤੋਂ 2 ਮਾਰਚ 1935 ਤੱਕ ਉਨ੍ਹਾਂ ਨੇ 9 ਯਾਤਰਾਵਾਂ ਕੀਤੀਆਂ। ਉਨ੍ਹਾਂ ਦੀ ਬੰਨੂ ਕੋਹਾਟ ਕਸ਼ਮੀਰ 'ਚ ਸਾਥੀ ਭਾਈ ਹੀਰਾ ਸਿੰਘ ਤੋਂ ਰਾਈਫਲ ਸੰਭਾਲਣ ਦੌਰਾਨ ਗਲਤੀ ਨਾਲ ਚੱਲੀ ਗੋਲੀ ਕਰਕੇ ਮੌਤ ਹੋ ਗਈ ਸੀ। ਇਸ ਬਾਰੇ 5 ਮਾਰਚ 1935 ਦੇ ਹਿੰਦੂਸਤਾਨ ਟਾਈਮਜ਼ ਅਖ਼ਬਾਰ 'ਚ ਖ਼ਬਰ ਵੀ ਛਪੀ ਸੀ। ਭਾਈ ਧੰਨਾ ਸਿੰਘ ਏਡੇ ਮਹਾਨ ਕਾਰਜ ਦੇ ਬਾਵਜੂਦ ਇਤਿਹਾਸ ਦੇ ਅਣਗੋਲੇ ਨਾਇਕ ਰਹੇ ਹਨ। ਉਨ੍ਹਾਂ ਬਾਰੇ 1931 'ਚ ਭਾਈ ਨਾਹਰ ਸਿੰਘ ਨੇ ਖ਼ਾਲਸਾ ਸਮਾਚਾਰ 'ਚ ਲਿਖਿਆ ਸੀ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ 'ਚ ਉਨ੍ਹਾਂ ਦਾ ਜ਼ਿਕਰ ਹੈ। ਉਨ੍ਹਾਂ ਬਾਰੇ ਮੁੰਕਮਲ ਦਸਤਾਵੇਜ਼ ਤਿਆਰ ਕਰਨ ਦਾ ਵੱਡਾ ਸਿਹਰਾ ਚੇਤਨ ਸਿੰਘ ਹੁਣਾਂ ਨੂੰ ਜਾਂਦਾ ਹੈ। ਚੇਤਨ ਸਿੰਘ ਹੁਣਾਂ ਬੋਲੀ ਮਹਿਕਮਾ ਪੰਜਾਬ ਦੇ ਮੁੱਖੀ ਹੁੰਦਿਆ ਭਾਈ ਧੰਨਾ ਸਿੰਘ ਦੀਆਂ ਡਾਇਰੀਆਂ ਅਤੇ ਫੋਟੋਆਂ ਭਾਈ ਗੁਰਬਖਸ਼ ਸਿੰਘ ਅਤੇ ਪਰਿਵਾਰ ਤੋਂ ਪ੍ਰਾਪਤ ਕਰਕੇ ਪਹਿਲੀ ਵਾਰ ਛਾਪਿਆ ਸੀ। ਇੰਝ ਭਾਈ ਧੰਨਾ ਸਿੰਘ ਦਾ ਖ਼ੋਜ ਕਾਰਜ ਉਨ੍ਹਾਂ ਦੀ ਮੌਤ ਤੋਂ 80 ਸਾਲ ਬਾਅਦ ਸਾਹਮਣੇ ਆਇਆ ਸੀ।

ਗੁਰਦੁਆਰਾ ਸੱਚਾ ਸੌਦਾ ਸਾਹਿਬ ਪਿੰਡ ਚੂਹੜਖਾਨ ...

PunjabKesari

ਭਾਈ ਧੰਨਾ ਸਿੰਘ ਨੇ 1930 ਤੋਂ 1935 ਤੱਕ 20000 ਮੀਲ ਦੇ ਸਫ਼ਰ ਦੌਰਾਨ 1600 ਤੋਂ ਵੱਧ ਗੁਰੂਧਾਮਾਂ ਦੀ ਯਾਤਰਾ ਕੀਤੀ। ਇਹ ਸਿਰਫ਼ ਧਾਰਮਿਕ ਯਾਤਰਾਵਾਂ ਹੀ ਨਹੀਂ ਸਨ। ਭਾਈ ਧੰਨਾ ਸਿੰਘ ਆਪਣੀ ਡਾਇਰੀਆਂ 'ਚ ਹਰ ਜਾਣਕਾਰੀ ਨੂੰ ਬਾਰੀਕੀ 'ਚ ਦਰਜ ਕਰਦੇ ਗਏ ਸਨ। ਉਨ੍ਹਾਂ ਸਮਿਆਂ 'ਚ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲੈ ਕੇ ਤਾਜ਼ਾ ਹੋਂਦ 'ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਤੋਂ ਲੈ ਕੇ ਮਹੰਤਾ ਅਧੀਨ ਆਉਂਦੇ ਗੁਰਦੁਆਰਿਆਂ ਦਾ ਪੂਰਾ ਹਾਲ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਭਾਈ ਧੰਨਾ ਸਿੰਘ 1947 ਤੋਂ ਪਹਿਲਾਂ ਦੇ ਭਾਰਤ 'ਚ ਯਾਤਰਾ ਕਰਦੇ ਹੋਏ ਉਨ੍ਹਾਂ ਸਮਿਆਂ 'ਚ ਲੋਕ ਵਿਹਾਰ, ਪ੍ਰਸ਼ਾਸ਼ਨਿਕ ਪ੍ਰਬੰਧ ਅਤੇ ਹਰ ਉਸ ਟੈਕਸ ਅਤੇ ਪ੍ਰਾਹੁਣਾਚਾਰੀ ਦਾ ਜ਼ਿਕਰ ਵੀ ਕਰਦੇ ਰਹੇ, ਜੋ ਅੱਜ ਦੇ ਇਸ ਦੌਰ ਅੰਦਰ ਜਾਣਕਾਰੀ ਦੇ ਲਿਹਾਜ਼ 'ਚ ਖਾਸ ਹੈ।

ਭਾਈ ਧੰਨਾ ਸਿੰਘ ਪਟਿਆਲਾ ਰਿਆਸਤ 'ਚ ਮਹਾਰਾਜਾ ਭੁਪਿੰਦਰ ਸਿੰਘ ਦੇ ਡਰਾਈਵਰ ਸਨ। ਆਪਣੀਆਂ ਯਾਤਰਾਵਾਂ ਲਈ ਉਨ੍ਹਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ 25 ਸਾਲ ਦੀ ਉਮਰ 'ਚ 25 ਰੁਪਏ ਲੈ ਕੇ ਪਟਿਆਲੇ ਤੋਂ ਯਾਤਰਾ ਸ਼ੁਰੂ ਕੀਤੀ ਸੀ। ਇਸ ਸਫ਼ਰ 'ਚ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਜੋ ਸਹਾਇਤਾ ਰਕਮ ਮਿਲੀ, ਉਨ੍ਹਾਂ ਇਸਨੂੰ ਵੀ ਬਕਾਇਦਾ ਡਾਇਰੀਆਂ 'ਚ ਦਰਜ ਕੀਤਾ ਹੈ। ਉਨ੍ਹਾਂ ਨੂੰ ਸਹਾਇਤਾ ਵਜੋਂ 850 ਰੁਪਏ ਦੀ ਮਦਦ ਹੋਈ ਸੀ। ਭਾਈ ਧੰਨਾ ਸਿੰਘ ਕੋਲ ਆਲਵਿਕ ਕੰਪਨੀ ਦਾ 56113 ਐੱਚ.ਸੀ ਨੰਬਰ ਦਾ ਸਾਈਕਲ ਸੀ। ਸੋਢੀ ਜੰਗ ਸਿੰਘ ਹੁਣਾਂ ਉਨ੍ਹਾਂ ਨੂੰ ਪਹਿਲਾ ਕੋਡਕ ਕੈਮਰਾ 147 ਰੁਪਏ ਦਾ ਲੈ ਕੇ ਦਿੱਤਾ ਸੀ। ਇਸ ਤੋਂ ਬਾਅਦ ਹਜ਼ੂਰਾ ਸਿੰਘ ਢਿੱਲੋਂ ਨੇ 23 ਅਪ੍ਰੈਲ 1932 ਨੂੰ ਵੱਡਾ ਕੈਮਰਾ ਤੋਹਫੇ 'ਚ ਦਿੱਤਾ। ਡਾ.ਬਲਵੰਤ ਸਿੰਘ ਮਲਿਕ ਨੇ ਅਨਾਰਕਲੀ ਬਜ਼ਾਰ ਲਾਹੌਰ ਤੋਂ ਕੈਮਰੇ ਲਈ ਫਿਲਮਾਂ ਦਾ ਪ੍ਰਬੰਧ ਕਰਕੇ ਦਿੱਤਾ। 3259 ਸਫ਼ੇ ਅਤੇ 200 ਤਸਵੀਰਾਂ ਦੇ ਇਸ ਮਹਾਨ ਖ਼ੋਜ ਕਾਰਜ ਵਿੱਚ ਭਾਈ ਧੰਨਾ ਸਿੰਘ ਦੀ ਮਿਹਨਤ ਨੂੰ ਇੰਝ ਬਹੁਤ ਸਾਰੇ ਸੱਜਣਾਂ ਨੇ ਮਦਾਦ ਕੀਤੀ।

ਨਨਕਾਣਾ ਸਾਹਿਬ

PunjabKesari

ਇਤਿਹਾਸ 'ਚ ਭਾਈ ਧੰਨਾ ਸਿੰਘ ਅਤੇ ਵਰਤਮਾਨ 'ਚ ਅਮਰਦੀਪ ਸਿੰਘ ਹੁਣਾਂ ਦਾ ਕਾਰਜ ਪੇਸ਼ ਕਰਨ ਪਿੱਛੇ ਨਜ਼ਰੀਆ ਇਹ ਹੈ ਕਿ ਦੋਵਾਂ ਨੇ ਆਪੋ-ਆਪਣੇ ਸਮਿਆਂ 'ਚ ਆਉਣ ਵਾਲੀ ਪੀੜ੍ਹੀ ਲਈ ਉਹ ਕੁਝ ਦਰਜ ਕੀਤਾ, ਜੋ ਵਿਰਸਾਤਾਂ ਨਾਲ ਸਾਡਾ ਰਾਬਤਾ ਕਾਇਮ ਰੱਖੇਗਾ। ਭਾਈ ਧੰਨਾ ਸਿੰਘ ਦੇ ਸਮਿਆਂ 'ਚ ਉਨ੍ਹਾਂ ਦੀਆਂ ਆਪਣੀਆਂ ਚੁਣੌਤੀਆਂ ਸਨ। ਉਹ ਜਿਹੜੇ ਰਾਹਵਾਂ 'ਤੇ ਤੁਰੇ, ਉੱਥੇ ਸਾਈਕਲ ਨਾਲ ਕੈਮਰੇ ਨਾਲ ਬ੍ਰਿਟਿਸ਼ ਭਾਰਤ 'ਚ ਰਿਆਸਤੀ ਪ੍ਰਸ਼ਾਸ਼ਣ 'ਚ ਸਫ਼ਰ ਕਰਨਾ ਸੌਖਾ ਨਹੀਂ ਸੀ। ਉਹ ਇੱਕਲੇ ਤੁਰੇ ਅਤੇ ਮਿਲਦੇ ਹੋਏ ਲੋਕ ਸਹਿਯੋਗ ਦਿੰਦੇ ਰਹੇ। ਉਨ੍ਹਾਂ ਇਤਿਹਾਸ ਦੀ ਸ਼ਨਾਖ਼ਤ ਕੀਤੀ। ਸਮੇਂ ਦੇ ਗੁਰਦੁਆਰਾ ਪ੍ਰਬੰਧਾਂ ਨੂੰ ਦਰਜ ਕੀਤਾ। ਇਹ ਉਹ ਦੌਰ ਸੀ, ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ 'ਚ ਆਇਆ ਅਜੇ ਕੁਝ ਸਾਲ ਹੀ ਹੋਏ ਸਨ। ਗੁਰਦੁਆਰਿਆਂ ਦੀ ਸ਼ਨਾਖਤ ਕਰਦਿਆਂ ਉਨ੍ਹਾਂ ਨੇ ਉਨ੍ਹਾਂ ਥਾਵਾਂ 'ਤੇ ਕਾਬਜ਼ ਮਹੰਤਾ ਬਾਰੇ ਬੇਬਾਕੀ ਨਾਲ ਲਿਖਿਆ। ਭਾਈ ਧੰਨਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਸਰੂਪਾਂ ਦਾ ਅਧਿਐਨ ਕੀਤਾ। ਅਜਿਹੇ ਕਈ ਹਵਾਲੇ ਹਨ, ਜਦੋਂ ਉਹ ਦੱਸਦੇ ਹਨ ਕਿ 17 ਅਪ੍ਰੈਲ 1930 ਨੂੰ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਬੀੜ ਦੇ ਦਰਸ਼ਨ ਕੀਤੇ, ਉਸ 'ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਕੀਤੇ ਦਸਤਖ਼ਤ ਮੌਜੂਦ ਹਨ ਜਾਂ ਇੱਥੇ ਪੱਥਰ ਛਾਪੇ ਦੀ ਬੀੜ ਮੌਜੂਦ ਹੈ ਤਾਂ ਇਹ ਇਤਿਹਾਸਕ ਸਰਮਾਏ ਦੇ ਹਵਾਲੇ ਹਨ, ਜਿਸ ਮਾਰਫ਼ਤ ਅਸੀਂ ਅਤੀਤ 'ਚ ਆਪਣੇ ਸਰਮਾਏ ਨੂੰ ਮਹਿਸੂਸ ਕਰਦੇ ਹਾਂ।

ਇਸ ਦੌਰ ਅੰਦਰ ਅਮਰਦੀਪ ਸਿੰਘ ਦੀਆਂ ਚਣੌਤੀਆਂ ਵੀ ਘੱਟ ਨਹੀਂ ਸਨ। ਹੁਣ ਦੇਸ਼ਾਂ ਦੀ ਹੱਦਾਂ ਸਰਹੱਦਾਂ ਹਨ ਅਤੇ ਇਨ੍ਹਾਂ ਸਰਹੱਦਾਂ 'ਤੇ ਸਿਆਸਤ ਦੀਆਂ ਆਪਣੀਆਂ ਰੁਸਵਾਈਆਂ ਹਨ। ਇਨ੍ਹਾਂ ਹਲਾਤਾਂ 'ਚ ਜਿੱਥੇ ਉਹ ਜਾ ਰਹੇ ਹਨ, ਉੱਥੇ ਤਾਰੀਖ਼ਾਂ ਦੀਆਂ ਨਾਰਾਜ਼ਗੀਆਂ, ਤਾਲੀਬਾਨ ਦੇ ਪ੍ਰਭਾਵਿਤ ਖੇਤਰ ਅਤੇ ਦੇਸ਼ਾਂ ਦੇ ਸਖ਼ਤ ਕਾਨੂੰਨ ਹਨ। ਅਜਿਹੇ 'ਚ ਅਮਰਦੀਪ ਸਿੰਘ ਹੁਣਾਂ ਲਈ ਇਨ੍ਹਾਂ ਸਭ ਨੂੰ ਦਸਤਾਵੇਜ਼ੀ ਰੂਪ ਦੇਣਾ, ਇਸ ਦੌਰ ਦਾ ਅਦਭੁੱਤ ਕਾਰਜ ਹੈ। ਗੁਰੂ ਨਾਨਕ ਦੇਵ ਜੀ ਦੀਆਂ ਰਾਹਵਾਂ 'ਤੇ ਤੁਰਦਿਆਂ ਇਨ੍ਹਾਂ ਮੁਸਾਫ਼ਿਰਾਂ ਨੇ ਆਪਣੀ ਲਿਖਤ ਅਤੇ ਫੋਟੋਗ੍ਰਾਫੀ ਨਾਲ, ਜੋ ਦਰਜ ਕੀਤਾ, ਉਹ ਆਹਮੋ ਸਾਹਮਣੇ ਰੱਖਕੇ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੀ ਵਿਰਾਸਤਾਂ ਦੇ ਨਿਸ਼ਾਨ ਮੌਜੂਦਾ ਦੌਰ 'ਚ ਕਿੱਥੇ ਪਏ ਹਨ, ਬਦਲੇ ਹਨ ਜਾਂ ਇਨ੍ਹਾਂ ਦਾ ਕੀ ਰੂਪ ਹੈ। ਇਸ ਸਟੋਰੀ 'ਚ ਇੱਕ ਪਾਸੇ ਭਾਈ ਧੰਨਾ ਸਿੰਘ ਦੀਆਂ ਖਿੱਚੀਆਂ ਫੋਟੋਆਂ ਹਨ ਅਤੇ ਉਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀਆਂ ਦੂਜੇ ਪਾਸੇ ਅਮਰਦੀਪ ਸਿੰਘ ਦੀਆਂ ਖਿੱਚੀਆਂ ਫੋਟੋਆਂ ਹਨ।

ਨਨਕਾਣਾ ਸਾਹਿਬ - 01 ਅਕਤੂਬਰ 1933 ਭਾਈ ਧਾਨਾ ਸਿੰਘ

PunjabKesari

ਆਪਣੇ ਹੀ ਇਤਿਹਾਸ ਦੇ ਰੂਬਰੂ ਹੋਕੇ ਮਹਿਸੂਸ ਕਰਨ ਦਾ ਸਬੱਬ ਇਨ੍ਹਾਂ ਬੰਦਿਆਂ ਨੇ ਬਣਾਇਆ ਹੈ। ਇਸ ਨੂੰ ਮਹਿਸੂਸ ਕਰੋ ਕਿ ਅਸੀਂ ਤੁਸੀਂ ਅਤੇ ਸਾਂਝੀਵਾਲਤਾ ਦੀ ਭਾਵਨਾ 'ਚ ਅਸੀਂ ਆਪਣੀ ਵਿਰਾਸਤ ਬਾਰੇ ਦਿਲ 'ਚ ਕੀ ਅਹਿਸਾਸ ਲੈ ਕੇ ਜਿਊਂਦੇ ਹਾਂ।

ਗੁਰਦੁਆਰਾ ਨਨਕਾਣਾ ਸਾਹਿਬ 
ਗੁਰਦੁਆਰਾ ਬਾਲ ਲੀਲ੍ਹਾ ਸਾਹਿਬ
ਗੁਰਦੁਆਰਾ ਕਿਆਰਾ ਸਾਹਿਬ
ਗੁਰਦੁਆਰਾ ਸੱਚਾ ਸੌਦਾ ਸਾਹਿਬ ਫ਼ਾਰੂਕਾਬਾਦ (ਚੂਹੜਕਾਨਾ)

1933 ਦੀਆਂ ਖਿੱਚੀਆਂ ਤਸਵੀਰਾਂ ਭਾਈ ਧੰਨਾ ਸਿੰਘ ਦੀਆਂ (ਖੱਬੇ ਪਾਸੇ) ਅਮਰਦੀਪ ਸਿੰਘ ਦੀਆਂ ਖਿੱਚੀਆਂ ਤਸਵੀਰਾਂ (ਸੱਜੇ ਪਾਸੇ) ਅਤੀਤ ਤੋਂ ਵਰਤਮਾਨ ਦਾ ਵਿਰਾਸਤੀ ਸਫ਼ਰ ਕਰਦੇ ਹੋਏ ਅਸੀਂ ਚਿੰਤਨ ਕਰ ਸਕਦੇ ਹਾਂ ਕਿ ਅਸੀਂ ਆਪਣੇ ਇਸ ਵਿਰਾਸਤੀ ਸਰਮਾਏ ਬਾਰੇ ਕਿੰਨੇ ਸੁਹਿਰਦ ਹਾਂ।

ਭਾਈ ਧੰਨਾ ਸਿੰਘ (1905-1935)
ਅਮਰਦੀਪ ਸਿੰਘ

ਹਵਾਲੇ : ਕਿਤਾਬ 'ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ', ਗੁਰ ਤੀਰਥ ਸਾਈਕਲ ਯਾਤਰਾ-ਭਾਈ ਧੰਨਾ ਸਿੰਘ ਚਹਿਲ ਪਟਿਆਲਵੀ, ਸੰਪਾਦਕ ਚੇਤਨ ਸਿੰਘ ਬੋਲੀ ਮਹਿਕਮਾ ਪੰਜਾਬ


author

rajwinder kaur

Content Editor

Related News