ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਢੁੱਕਵੀਆਂ : ਅਮਰੀਕੀ MP
Wednesday, Nov 13, 2019 - 11:44 PM (IST)

ਵਾਸ਼ਿੰਗਟਨ - ਅਮਰੀਕਾ ਦੇ ਸ਼ਕਤੀਸ਼ਾਲੀ ਸੰਸਦ ਮੈਂਬਰਾਂ ਅਤੇ ਉੱਘੇ ਭਾਰਤੀ-ਅਮਰੀਕੀ ਨਾਗਰਿਕਾਂ ਨੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਵੱਖ-ਵੱਖ ਸਮਾਰੋਹ ਆਯੋਜਿਤ ਕੀਤੇ ਅਤੇ ਸਭ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਕਿਹਾ। ਇੰਡੀਆਨਾ ਤੋਂ ਰਿਪਬਲਿਕਨ ਪਾਰਟੀ ਦੇ ਐੱਮ.ਪੀ. ਟੋਡ ਯੰਗ ਨੇ ਹਾਊਸ ’ਚ ਇਕ ਮਤਾ ਪੇਸ਼ ਕੀਤਾ ਅਤੇ ਕਿਹਾ ਕਿ ਸਿੱਖਾਂ ਨੇ ਅਮਰੀਕਾ ’ਚ ਆਪਣਾ ਬਹੁਤ ਵਧੀਆ ਪ੍ਰਭਾਵ ਬਣਾਇਆ ਹੈ। ਭਾਰਤੀ ਦੂਤ ਘਰ ਵਲੋਂ ਕੈਪੀਟੋਲ ਹਿਲਜ਼ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਟੋਡ ਯੰਗ ਨੇ ਕਿਹਾ ਕਿ ਅਮਰੀਕਾ ’ਚ ਲੱਖਾਂ ਸਿੱਖ ਪਰਿਵਾਰ ਵੱਸਦੇ ਹਨ। ਇਹ ਖੁਸ਼ੀ ਵਾਲੀ ਗੱਲ ਹੈ ਕਿ ਇਸ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਲਾਂਘਾ ਖੋਲ੍ਹਿਆ ਗਿਆ ਅਤੇ ਸਿੱਖਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਢੁੱਕਵੀਆਂ ਹਨ।
ਇੰਡੀਆਨਾ ਤੋਂ ਰਿਪਬਲਿਕਨ ਪਾਰਟੀ ਦੇ ਇਕ ਹੋਰ ਐੱਮ.ਪੀ. ਗਰੇਗ ਪੇਂਸ ਨੇ ਕਿਹਾ ਕਿ ਇੰਡੀਆਨਾ ’ਚ 10 ਹਜ਼ਾਰ ਤੋਂ ਵੱਧ ਸਿੱਖ ਪਰਿਵਾਰ ਰਹਿੰਦੇ ਹਨ। ਉਹ ਆਪਣੀ ਖੁਸ਼ਹਾਲੀ ਦੇ ਨਾਲ-ਨਾਲ ਅਮਰੀਕਾ ਨੂੰ ਵੀ ਖੁਸ਼ਹਾਲ ਬਣਾ ਰਹੇ ਹਨ। ਅਮਰੀਕਾ ਦੇ ਸਨਅਤੀ ਵਿਕਾਸ ’ਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਸਿੱਖ ਅਮਰੀਕਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾ ਰਹੇ ਹਨ। ਅਮਰੀਕਾ ’ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਨੇ ਕਿਹਾ ਕਿ ਲਾਂਘਾ ਖੋਲ੍ਹਿਆ ਜਾਣਾ ਇਕ ਇਤਿਹਾਸਕ ਮੌਕਾ ਹੈ। ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਧਰਮ ਬਾਰੇ ਜਾਗਰੂਕਤਾ ਲਿਆਉਣ ਦੀ ਅੱਜ ਹੋਰ ਵੀ ਵੱਧ ਲੋੜ ਹੈ।