ਮੈਲਬੌਰਨ ''ਚ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ ਨੇ ਪਾਈ ਵਿਚਾਰਾਂ ਦੀ ਸਾਂਝ
Wednesday, Jul 30, 2025 - 03:02 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਮਿੰਟੂ ਅੱਜਕਲ ਆਸਟ੍ਰੇਲੀਆ ਪਹੁੰਚੇ ਹੋਏ ਹਨ ਜਿਸ ਦੇ ਚਲਦਿਆਂ ਉਹ ਮੈਲਬੌਰਨ ਵਿੱਖੇ ਵੱਖ ਵੱਖ ਗੁਰੂ ਘਰਾਂ ਅਤੇ ਸੰਸਥਾਵਾਂ ਵਲੋ ਉਲੀਕੇ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਬੀਤੇ ਦਿਨੀ ਮੈਲਬੌਰਨ ਦੇ ਕਰੇਂਗੀਬਰਨ ਇਲਾਕੇ ਵਿੱਚ ਸਥਿਤ ਪਰਲ ਹਾਲ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਇਸ ਮੌਕੇ ਸੰਗਤ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਦਿਆਂ ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਉਨਾਂ ਦੇ “ਸੁਪਨਿਆ ਦੇ ਘਰ” ਦੇ ਵਿੱਚ ਇਸ ਸਮੇਂ 800 ਦੇ ਕਰੀਬ ਬਜ਼ੁਰਗ ,ਮਾਤਾਵਾਂ ਤੇ ਭੈਣਾਂ ਰਹਿ ਰਹੇ ਹਨ ਤੇ ਸਟਾਫ ਆਦਿ ਨੂੰ ਪਾ ਕੇ ਇਹ ਗਿਣਤੀ 1000 ਦੇ ਕਰੀਬ ਪਹੁੰਚ ਜਾਂਦੀ ਹੈ। ਇਸ ਦੇ ਨਾਲ-ਨਾਲ 50 ਦੇ ਕਰੀਬ ਬੱਚੇ ਵੀ ਹਨ ਜਿੰਨਾਂ ਨੂੰ ਉਨ੍ਹਾਂ ਦੇ ਮਾਂ ਬਾਪ ਨੇ ਛੱਡ ਦਿੱਤਾ ਜਾਂ ਅਕਾਲ ਚਲਾਣਾ ਕਰ ਗਏ ਹਨ। ਇਨ੍ਹਾਂ ਬੱਚਿਆਂ ਦੇ ਵੀ ਰਹਿਣ ਸਹਿਣ ਤੋਂ ਲੈ ਕੇ ਪੜ੍ਹਾਈ ਤੱਕ ਦਾ ਸਭ ਕੁਝ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ। ਹੁਣ ਤੱਕ ਕਰੀਬ 5000 ਦੇ ਕਰੀਬ ਲੋਕਾਂ ਠੀਕ ਹੋ ਕੇ ਆਪੋ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਹਨ ਤੇ ਹੁਣ ਤੱਕ ਸੱਤ ਸੋ ਦੇ ਕਰੀਬ ਅਕਾਲ ਚਲਾਣਾ ਵੀ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨਾਂ ਦਾ ਆਸਟ੍ਰੇਲੀਆ ਆਉਣ ਦਾ ਮਤਲਬ ਸੰਸਥਾ ਲਈ ਪੈਸਾ ਆਦਿ ਇੱਕਠਾ ਕਰਨਾ ਨਹੀ ਹੈ ਸਗੋ ਉਹ ਇੱਥੇ ਰਹਿੰਦੇ ਪੰਜਾਬੀਆਂ ਨਾਲ ਸੰਵਾਦ ਤੇ ਵਿਚਾਰਾਂ ਕਰਨ ਆਏ ਹਨ ਕਿ ਪੰਜਾਬ ਵਿਚ ਇਹੋ ਜਿਹੇ ਆਸ਼ਰਮਾਂ ਨੂੰ ਖੋਲਣ ਦੀ ਲੋੜ ਕਿਉਂ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ ਨਾਲ ਇੱਕ ਵੱਖਰਾ ਮੁਕਾਮ ਵੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਿਲੋਮੀਟਰ ਦੂਰ ਆ ਕੇ ਵੀ ਤੁਹਾਡਾ ਸਭ ਦਾ ਦਿਲ ਆਪਣੀ ਜਨਮ ਭੂਮੀ ਲਈ ਧੜਕਦਾ ਹੈ ਤੇ ਜਦੋਂ ਵੀ ਕੋਈ ਆਫਤ ਜਾਂ ਭੀੜ ਪੰਜਾਬ ਤੇ ਆਉਂਦੀ ਹੈ ਤਾਂ ਪ੍ਰਵਾਸੀ ਪੰਜਾਬੀ ਹਿੱਕ ਡਾਹ ਕੇ ਅੱਗੇ ਖੜਦੇ ਹਨ ਭਾਵੇ ਉਹ ਕੋਰੋਨਾ ਮਹਾਂਮਾਂਰੀ ਹੋਵੇ, ਹੜ੍ਹ ਹੋਣ ਜਾਂ ਕਿਸਾਨੀ ਅੰਦੋਲਨ। ਹਰ ਕਿਤੇ ਅੱਗੇ ਹੋ ਕੇ ਪੂਰਾ ਸਹਿਯੋਗ ਕਰਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਲਈ ਖੁਸ਼ਖ਼ਬਰੀ, 17 ਹਜ਼ਾਰ ਮਾਪਿਆਂ ਨੂੰ ਮਿਲੇਗੀ ਕੈਨੇਡੀਅਨ PR
ਉਨ੍ਹਾਂ ਕਿਹਾ ਕਿ ਹੁਣ ਪ੍ਰਵਾਸੀ ਪੰਜਾਬੀਆਂ ਦੀ ਲੋੜ ਫੇਰ ਇੱਕ ਵਾਰ ਪੈ ਰਹੀ ਹੈ ਕਿਉਕਿ ਇਸ ਵਾਰ ਉਨ੍ਹਾਂ ਨੂੰ ਆਪਣੇ ਆਪੋ ਆਪਣੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੀ ਬਾਂਹ ਅੱਗੇ ਹੋ ਕੇ ਫੜਨੀ ਪਵੇਗੀ। ਤੇ ਅਜਿਹੇ ਪਰਿਵਾਰਾਂ ਦੀ ਪਹਿਚਾਣ ਕਰਨੀ ਪਵੇਗੀ, ਜੋ ਸਮਾਜ ਵਿੱਚ ਅੱਣਗੋਲੇ ਹੋਏ ਹਨ ਜਾਂ ਆਪਣੇ ਹੀ ਪਰਿਵਾਰਾਂ ਵਲੋਂ ਸਤਾਏ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਜਾ ਵਿਅਕਤੀ ਨੂੰ ਲੱਭ ਕੇ ਉਨ੍ਹਾਂ ਦੀ ਮਦਦ ਕਰੋ ਉਸ ਵੇਲੇ ਉਨ੍ਹਾਂ ਦੀ ਕਮੀ ਨਾ ਲੱਭੋ ਸਗੋਂ ਸਾਥ ਦਿੳੁ। ਉਨ੍ਹਾਂ ਕਿਹਾ ਕਿ ਕਿਵੇਂ ਇੱਕ ਪਿੰਡ 'ਚ ਜੰਮਿਆ ਬਜ਼ੁਰਗ ਉਸ ਪਿੰਡ 'ਚ ਲਵਾਰਿਸ ਬਣਾ ਦਿੱਤਾ ਜਾਂਦਾ ਹੈ ਤੇ ਸਾਨੂੰ ਆਪਣੇ ਵਡੇਰਿਆਂ ਤੋ ਸਿੱਖਣਾ ਚਾਹੀਦਾ ਹੈ ਕਿਸ ਤਰ੍ਹਾਂ ਉਹ ਜਾਤ-ਪਾਤ ਧਰਮ ਆਦਿ ਤੋਂ ਉਪਰ ਉਠ ਕੇ ਸਭ ਦੀ ਮਦਦ ਕਰਦੇ ਸਨ ਤੇ ਖਾਸਕਰ ਪਿੰਡਾਂ 'ਚ ਕੋਈ ਲਵਾਰਿਸ ਨਹੀ ਸੀ ਹੁੰਦਾ। ਉਨ੍ਹਾਂ ਕਿਹਾ ਪਰਿਵਾਰਾਂ ਵਿੱਚ ਆਪਸੀ ਕੁੜਤਣਾਂ ਤੇ ਖਿਚੋਤਾਨਾਂ ਕਰਕੇ ਬਜ਼ੁਰਗ ਇਸ ਦੀ ਭੇਂਟ ਚੜ ਜਾਂਦੇ ਹਨ ਤੇ ਖਾਸਕਰ ਬਜ਼ੁਰਗਾਂ ਨੂੰ ਬੇਘਰ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਉਹ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈਆਂ ਨੂੰ ਤਾਂ ਸਮਾਂ ਰਹਿੰਦੇ ਬਚਾ ਲਿਆ ਜਾਂਦਾ ਹੈ ਤੇ ਕਈ ਇਸ ਤਰਾਂ ਹੀ ਦੁੱਖ ਭੋਗ ਕੇ ਸੰਸਾਰ ਤੋ ਚਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਹਰੇਕ ਪ੍ਰਵਾਸੀ ਪੰਜਾਬੀ ਨੂੰ ਆਪਣੇ ਪਿੰਡ ਵਿੱਚ ਇੱਕ ਕਮੇਟੀ ਬਣਾ ਕੇ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕੱਲ੍ਹ ਨੂੰ ਕੋਈ ਲਵਾਰਿਸ ਅਵਸਥਾ 'ਚ ਸੜਕਾਂ ਤੇ ਰੁਲਦਾ ਨਾ ਮਿਲੇ। ਮਿੰਟੂ ਹੋਰਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਅੱਜ ਕਲ ਜਜ਼ਬਾਤੀ ਵੀਡੀਓ ਪਾ ਕੇ ਲੋਕਾਂ ਤੋਂ ਦਾਨ ਵਜੋਂ ਪੈਸੇ ਲੁਟਣ ਵਾਲਾ ਢੰਗ ਕਾਫੀ ਪ੍ਰਚਲਿਤ ਹੋ ਰਿਹਾ ਹੈ ਸੋ ਅਜਿਹਿਆਂ ਤੋਂ ਸੁਚੇਤ ਰਹੋ ਤੇ ਦਾਨ ਉੱਥੇ ਕਰੋ ਜਿਸ ਨੂੰ ਤੁਸੀ ਜਾਣਦੇ ਹੋਵੋ ਜਾਂ ਉਸ ਸੰਸਥਾ ਬਾਰੇ ਤੁਹਾਨੂੰ ਤੇ ਹੋਰਨਾਂ ਕੋਲ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਧਰਤੀ 'ਤੇ ਅਜਿਹੇ ਆਸ਼ਰਮ ਖੁਲ੍ਹਣੇ ਕੋਈ ਬਹੁਤੀ ਚੰਗੀ ਗੱਲ ਨੀ ਸੋ ਆਪਣਿਆਂ ਦਾ ਸਾਥ ਦਿੳੁ ਤੇ ਉਨ੍ਹਾਂ ਦੀ ਸਾਰ ਲੳੁ। ਉਨ੍ਹਾਂ ਕਿਹਾ ਕਿ ਉਮੀਦ ਕਰਦਾਂ ਹਾ ਕਿ ਪ੍ਰਵਾਸੀ ਪੰਜਾਬੀ ਉਨ੍ਹਾਂ ਦੀਆਂ ਗੱਲਾਂ ਨਾਲ ਜ਼ਰੂਰ ਸਹਿਮਤ ਹੋਣਗੇ ਤੇ ਇਸ ਬਾਬਤ ਜ਼ਰੂਰ ਸਾਰਥਕ ਕਦਮ ਚੁਕਣਗੇ। ਇਸ ਮੌਕੇ ਆਸਟ੍ਰੇਲੀਆਈ ਲੇਬਰ ਪਾਰਟੀ ਵੱਲੋਂ ਪ੍ਰਮੁੱਖ ਰਾਜਨੀਤਕ ਆਗੂ ਬੀਬੀ ਲੋਰੀਨ ਕੇਥੇਜ ਵੱਲੋਂ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਗੁਰਪ੍ਰੀਤ ਸ਼ੋਕਰ, ਮਿੱਕੀ ਮੱਕੜ, ਸ਼ੁਕਰਾਨਾ ਈਵੈਂਟ ਤੋਂ ਸ਼ੁਕਰਾਨਾ ਚੋਪੜਾ, ਰੁਪਿੰਦਰ ਬਰਾੜ ਸਮੇਤ ਕਈ ਸਹਿਯੋਗੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਡਾਕਟਰ ਪ੍ਰੀਤ ਇੰਦਰ ਗਰੇਵਾਲ ਨੇ ਬਾਖੂਬੀ ਢੰਗ ਨਾਲ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।