ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ
Wednesday, Dec 31, 2025 - 06:51 PM (IST)
ਰੋਮ (ਕੈਂਥ) : ਦੁਨੀਆਂ ਭਰ 'ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਾਰ ਸਿੰਘ ,ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਫ਼ਰ-ਏ-ਸ਼ਹਾਦਤ ਸ਼ਹੀਦੀ ਸਮਾਗਮਾਂ ਵਿੱਚ ਇੱਕ ਹਫ਼ਤੇ ਤੱਕ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।

ਇਸੇ ਲੜੀ ਤਹਿਤ ਸੂਬਾ ਲਾਸੀਓ ਦੇ ਪੁਨਤੀਨੀਆ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ (ਪੁਰਾਣੀ ਇਮਾਰਤ) ਵਿਖੇ ਵੀ ਸ਼ਹੀਦੀ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ ਆਯੋਜਿਤ ਕੀਤੇ ਗਏ, ਜਿਸ 'ਚ ਸਾਰਾ ਹਫ਼ਤਾ ਸਿੱਖ ਸੰਗਤ ਨੇ ਹਾਜ਼ਰੀ ਭਰਦਿਆਂ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ।

ਉਪਰੰਤ ਇਸ ਮੌਕੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਾਤਾ ਸਾਹਿਬ ਦੇਵਾ ਜੀ ਗੁਰਮਤਿ ਵਿਦਿਆਲਾ ਦੇ ਪ੍ਰਬੰਧਕ ਭਾਈ ਹਰਜੋਤ ਸਿੰਘ ਦੇ ਯਤਨਾਂ ਸਦਕਾ ਗੁਰਦੁਆਰਾ ਪ੍ਰਬੰਧਕ ਵੱਲੋਂ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਤੇ ਮੁਕਾਬਲਿਆਂ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਸਮੇਤ ਜਿੰਨੇ ਵੀ ਬੱਚਿਆਂ ਨੇ ਹਿੱਸਾ ਲਿਆ ਸੀ, ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਗੁਰਬਾਣੀ ਤੇ ਸਿੱਖੀ ਪ੍ਰਤੀ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਸਾਡਾ ਇੱਕ ਹੀ ਮਕਸਦ ਹੈ ਕਿ ਵਿਦੇਸ਼ੀ ਧਰਤੀ ਤੇ ਬੱਚੇ ਅਪਣੇ ਧਰਮ ਤੇ ਗੁਰਬਾਣੀ ਨਾਲ ਜੁੜੇ ਰਹਿਣ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਪਤਾ ਲੱਗੇ ਕਿ ਸਿੱਖ ਧਰਮ ਦਾ ਇਤਿਹਾਸ ਕੀ ਹੈ ਤੇ ਸਿੱਖੀ ਸਾਨੂੰ ਕਿੰਨੀਆਂ ਕੁਰਬਾਨੀਆਂ ਦੇਣ ਤੋ ਬਾਅਦ ਹਾਸਲ ਹੋਈ ਸੀ।

ਦੱਸਣਯੋਗ ਹੈ ਕਿ ਇਸ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਤੋ ਪਹਿਲਾਂ ਵੀ ਕਈ ਵਾਰ ਬੱਚਿਆਂ ਦੇ ਦਸਤਾਰ, ਗੁਰਬਾਣੀ ਕੰਠ ਤੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ ਸਨ। ਇਸੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਸਾਹਿਬ ਦੇਵਾ ਜੀ ਗੁਰਮਿਤ ਵਿਦਿਆਲਾ ਵੀ ਚਲਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
