ਇਟਲੀ ''ਚ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਮਹਾਨ ਗੁਰਮਤਿ ਕੈਂਪ ਦੀ ਸ਼ੁਰੂਆਤ 8 ਤੋਂ
Sunday, Jun 07, 2026 - 07:24 PM (IST)
ਰੇਜੋ ਇਮੀਲੀਆ (ਇਟਲੀ) (ਕੈਂਥ) : ਇਟਲੀ 'ਚ ਸਿੱਖੀ ਨੂੰ ਪ੍ਰਫੁੱਲਿਤ ਕਰਨ ਤੇ ਗੁਰਸਿੱਖੀ ਤੇ ਗੁਰਮਤਿ ਦੀ ਗੱਲ ਕਰਨ ਵਾਲੇ ਚਾਨਣ ਮੁਨਾਰੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਰੇਜੋ ਇਮੀਲੀਆ ਦੀ ਇਟਲੀ ਦੇ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਪਹਿਚਾਣ ਹੈ। ਚਾਹੇ ਉਹ ਪਹਿਲਾ ਗੁਰਦੁਆਰਾ ਸਾਹਿਬ ਸਥਾਪਤ ਕਰਨ ਦੀ ਗੱਲ ਹੋਵੇ ਜਾਂ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਚੱਲ ਰਹੀ ਮੁਹਿੰਮ ਦੀ ਗੱਲ ਹੋਵੇ। ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਹਮੇਸ਼ਾ ਹੀ ਮੂਹਰਲੀ ਕਤਾਰ ਵਿਚ ਰਿਹਾ ਹੈ। ਜੇ ਇਸ ਤਰ੍ਹਾਂ ਕਹਿ ਲਿਆ ਜਾਵੇ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ ਕਿ ਇਟਲੀ ਅਤੇ ਯੂਰਪ ਦਾ ਇਹ ਪਹਿਲਾ ਅਜਿਹਾ ਧਾਰਮਿਕ ਅਸਥਾਨ ਹੈ ਜਿਥੇ ਪੂਰਾ ਹਫਤਾ ਹੀ ਸ਼ਾਮ ਦੇ ਦੀਵਾਨ ਸਜਾਏ ਜਾਂਦੇ ਹਨ।

ਗੁਰਦੁਆਰਾ ਸਾਹਿਬ ਵੱਲੋਂ ਇੱਕ ਵਿਲੱਖਣ ਉਪਰਾਲਾ ਕਰਦਿਆਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦੇਣ ਲਈ ਵੀ ਛੁੱਟੀਆਂ ਵਿੱਚ ਤਕਰੀਬਨ ਤਿੰਨ ਮਹੀਨਿਆਂ ਲਈ ਵਿਸ਼ੇਸ਼ ਸਾਲਾਨਾ ਗੁਰਮਤਿ ਕੈਂਪ ਲਗਾਏ ਜਾਂਦੇ ਹਨ। ਇਸ ਸਾਲ 8 ਜੂਨ 2026 ਦਿਨ ਸੋਮਵਾਰ ਤੋਂ ਇਸ ਮਹਾਨ ਗੁਰਮਤਿ ਕੈਂਪ ਦੀ ਆਰੰਭਤਾ ਕੀਤੀ ਜਾ ਰਹੀ ਹੈ। ਜਿਸ ਵਿੱਚ ਸਿੱਖ ਪੰਥ ਦੀ ਜਾਨੀ ਮਾਨੀ ਹਸਤੀ ਭਾਈ ਮਨਜੀਤ ਸਿੰਘ ਜੀ ਸ਼ਾਂਤ ਬੱਚਿਆਂ ਨੂੰ ਪੁਰਾਤਨ ਮਰਿਆਦਾ ਅਨੁਸਾਰ ਤੰਤੀ ਸਾਜਾਂ ਨਾਲ ਕੀਰਤਨ ਦੀ ਵਿਦਿਆ ਦੇਣਗੇ। ਉਹਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਤਲਵਿੰਦਰ ਸਿੰਘ ਜੀ ਸ਼ੁੱਧ ਗੁਰਬਾਣੀ ਸੰਥਿਆ ਬੱਚਿਆਂ ਨੂੰ ਕਰਵਾਉਣਗੇ। ਇਹਨਾਂ ਤੋਂ ਇਲਾਵਾ ਸਮੇਂ ਅਤੇ ਜ਼ਰੂਰਤ ਦੇ ਅਨੁਸਾਰ ਹੋਰ ਵਿਦਿਆਵਾਂ ਵੀ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ। ਸਮਾਂ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਸ਼ਾਮ ਨੂੰ 4 ਵਜੇ ਤੋਂ 6.30 ਵਜੇ ਤੱਕ ਹੋਵੇਗਾ। ਜਿਨ੍ਹਾਂ ਬੱਚਿਆਂ ਦੇ ਪਰਿਵਾਰਾਂ ਕੋਲ ਸਾਧਨ ਨਹੀਂ ਹਨ ਜਾਂ ਸਮਾਂ ਨਹੀਂ ਹੈ। ਉਹਨਾਂ ਨੂੰ ਲਿਆਉਣ ਅਤੇ ਛੱਡ ਕੇ ਆਉਣ ਦੀ ਸਹੂਲਤ ਗੁਰਦੁਆਰਾ ਸਾਹਿਬ ਵੱਲੋਂ ਦਿੱਤੀ ਜਾਵੇਗੀ। ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰਦੇਸ਼ਾਂ ਵਿੱਚ ਰਹਿੰਦਿਆਂ ਅਤੇ ਇਥੋਂ ਦੀ ਵਿਦਿਆ ਪ੍ਰਾਪਤ ਕਰਦਿਆਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ, ਗੁਰਮਤਿ, ਗੁਰਸਿੱਖੀ, ਗੁਰਮਤਿ ਸੰਗੀਤ ਸਿਖਣ ਅਤੇ ਇਸ ਅਨੁਸਾਰ ਆਪਣੀ ਜਿੰਦਗੀ ਢਾਲਣ ਲਈ ਇਹ ਉਪਰਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਅਤੇ ਉਹਨਾਂ ਦੀ ਬਖਸ਼ਿਸ਼ ਸਦਕਾ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
