ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਮਨਾਇਆ ਗਿਆ ਸਤਿਗੁਰੂ ਕਬੀਰ ਜੀ ਦਾ 623ਵਾਂ ਆਗਮਨ ਪੁਰਬ

Friday, Jun 25, 2021 - 01:10 PM (IST)

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਮਨਾਇਆ ਗਿਆ ਸਤਿਗੁਰੂ ਕਬੀਰ ਜੀ ਦਾ 623ਵਾਂ ਆਗਮਨ ਪੁਰਬ

ਰੋਮ/ਇਟਲੀ (ਕੈਂਥ)- ਇਟਲੀ ਦੀ ਰਾਜਧਾਨੀ ਰੋਮ ਦੇ ਅਧੀਨ ਪੈਂਦੇ ਸ਼ਹਿਰ ਵਿਲੇਤਰੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਕਬੀਰ ਜੀ ਦਾ ਆਗਮਨ ਪੁਰਬ ਬਹੁਤ ਹੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਗਿਆ।

ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਗੁਰੂ ਘਰ ਦੇ ਕੀਰਤਨੀਏ ਜਥੇ ਵਲੋਂ ਗੁਰਬਾਣੀ ਕੀਰਤਨ ਅਤੇ ਕਥਾਵਾਂ ਰਾਹੀਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਜੀਵਨ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਲੋਕ ਅਤੇ ਬਾਣੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਗਿਆਨੀ ਸੁਰਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਨੇ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀ ਸਮੁੱਚੀ ਬਾਣੀ ਜਿੱਥੇ ਸਾਨੂੰ ਵਹਿਮਾਂ ਭਰਮਾਂ ਤੋਂ ਉਭਾਰਦੀ ਹੈ, ਉੱਥੇ ਹੀ ਸੱਚ ਨਾਲ ਵੀ ਜੋੜਦੀ ਹੈ। ਇਸ ਮੌਕੇ ਜਿਨ੍ਹਾਂ ਸੰਗਤਾਂ ਨੇ ਆਪਣੀਆਂ ਕਿਰਤ ਕਮਾਈਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਵਿਚ ਸੇਵਾਵਾਂ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾਓ ਸਾਹਿਬ ਭੇਂਟ ਕੀਤੇ ਗਏ। ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਵਿਖੇ ਇੱਕਤਰ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਗਮਨ ਪੁਰਬ ਦੀ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਿਆ।


author

cherry

Content Editor

Related News