ਗੁਰਦੁਆਰਾ ਸਿੰਘ ਸਭਾ ਸਾਊਥਾਲ ਚੋਣਾਂ : ਪੰਥਕ ਗਰੁੱਪ ਨੇ ਸ਼ੇਰ ਗਰੁੱਪ ਨੂੰ ਹਰਾ ਕੇ ਇਤਿਹਾਸਕ ਜਿੱਤ ਕੀਤੀ ਹਾਸਿਲ

10/04/2022 1:38:29 AM

ਲੰਡਨ (ਰਾਜਵੀਰ ਸਮਰਾ)-ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀਆਂ ਹੋਈਆਂ ਚੋਣਾਂ ’ਚ ਪੰਥਕ ਗਰੁੱਪ ਨੇ ਹਿੰਮਤ ਸਿੰਘ ਸੋਹੀ ਤੇ ਕੁਲਵੰਤ ਸਿੰਘ ਭਿੰਡਰ ਦੀ ਅਗਵਾਈ ’ਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ’ਚ ਇਸ ਵਾਰ ਸਾਊਥਾਲ ਦੇ ਸਾਰੇ ਪੰਥਕ ਸੋਚ ਵਾਲੇ ਗਰੁੱਪਾਂ ਨੇ ਇਕ ਨਿਸ਼ਾਨ ਹੇਠਾਂ ਇਕੱਤਰ ਹੋ ਕੇ ਪੰਥਕ ਗਰੁੱਪ ਵੱਲੋਂ ਹਿੱਸਾ ਲਿਆ ਸੀ, ਜਦਕਿ ਦੂਜੇ ਪਾਸੇ ਸ਼ੇਰ ਗਰੁੱਪ ਦੇ ਉਮੀਦਵਾਰ ਇਸ ਚੋਣ ਮੈਦਾਨ ’ਚ ਸਨ। ਪੰਥਕ ਗਰੁੱਪ ਦੇ ਹਰੇਕ ਉਮੀਦਵਾਰ ਨੇ ਘੱਟੋ-ਘੱਟ 1000 ਵੋਟਾਂ ਦੇ ਔਸਤਨ ਫ਼ਰਕ ਨਾਲ ਜਿੱਤ ਹਾਸਲ ਕੀਤੀ, ਜਦਕਿ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਨੌਜਵਾਨਾਂ ਨੂੰ ਗੁਰਦੁਆਰਾ ਸੇਵਾ ਸੰਭਾਲ ਦੀ ਚੋਣ ’ਚ ਸੰਗਤ ਨੇ ਵੱਡਾ ਹੁੰਗਾਰਾ ਦਿੱਤਾ ਹੈ। ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਚੋਣ ’ਚ ਕੁੱਲ 6715 ਵੋਟਾਂ ’ਚੋਂ 4845 ਵੋਟਾਂ ਪੋਲ ਹੋਈਆਂ, ਜਦਕਿ 134 ਵੋਟਾਂ ਸਹੀ ਢੰਗ ਨਾਲ ਪੋਲ ਨਾ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ । ਚੋਣ ਨਤੀਜੇ ਦੌਰਾਨ ਪੰਥਕ ਗਰੁੱਪ ’ਚ ਸਭ ਤੋਂ ਵੱਧ 2928 ਵੋਟਾਂ ਹਰਮੀਤ ਸਿੰਘ ਗਿੱਲ ਨੂੰ ਪਈਆਂ, ਜਦਕਿ ਸ਼ੇਰ ਗਰੁੱਪ ’ਚ ਸਭ ਤੋਂ ਵੱਧ 1891 ਵੋਟਾਂ ਤਰਨਵੀਰ ਸਿੰਘ ਨੂੰ ਪਈਆਂ, ਜਦਕਿ ਸਭ ਤੋਂ ਘੱਟ ਵੋਟਾਂ ’ਚ ਪੰਥਕ ਗਰੁੱਪ ਵੱਲੋਂ ਭਜਨ ਸਿੰਘ ਸਿਧਾਣਾ ਨੂੰ 2697 ਅਤੇ ਸ਼ੇਅਰ ਗਰੁੱਪ ਵਿੱਚ ਜੋਗਿੰਦਰਪਾਲ ਸਿੰਘ ਰਾਠੌਰ ਨੂੰ 1665 ਵੋਟਾਂ ਪਈਆਂ । ਪੰਥਕ ਗਰੁੱਪ ਦੇ ਪ੍ਰਮੁੱਖ ਸੇਵਾਦਾਰਾਂ ’ਚੋਂ ਹਿੰਮਤ ਸਿੰਘ ਸੋਹੀ ਨੇ 2847 ਵੋਟਾਂ ਹਾਸਲ ਕੀਤੀਆਂ ਅਤੇ ਕੁਲਵੰਤ ਸਿੰਘ ਭਿੰਡਰ ਨੂੰ 2915 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਪੰਥਕ ਗਰੁੱਪ ਵੱਲੋਂ ਬੀਬੀਆਂ ’ਚ ਹਰਪ੍ਰੀਤ ਕੌਰ ਬੈਂਸ, ਤੇਜ ਕੌਰ ਗਰੇਵਾਲ ,ਬਲਪ੍ਰੀਤ ਕੌਰ ਅਤੇ ਜਗਦੀਸ਼ ਕੌਰ ਲਾਲ ਨੇ ਵੀ ਘੱਟੋ ਘੱਟ 1-1 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਇਤਿਹਾਸਕ ਜਿੱਤ ਪ੍ਰਾਪਤ ਕੀਤੀ।

ਇਸ ਇਤਿਹਾਸਕ ਜਿੱਤ ਤੋਂ ਬਾਅਦ ਪੰਥਕ ਗਰੁੱਪ ਦੇ ਪ੍ਰਮੁੱਖ ਸੇਵਾਦਾਰ ਹਿੰਮਤ ਸਿੰਘ ਸੋਹੀ ਤੇ ਕੁਲਵੰਤ ਸਿੰਘ ਭਿੰਡਰ ਨੇ ਸਮੂਹ ਸੰਗਤ ਦਾ ਹਾਰਦਿਕ ਧੰਨਵਾਦ ਕਰਦਿਆਂ ਆਖਿਆ ਕਿ ਇਹ ਕਿਸੇ ਗਰੁੱਪ ਦੀ ਜਿੱਤ-ਹਾਰ ਦੀ ਚੋਣ ਨਹੀਂ ਸੀ। ਇਹ ਗੁਰਦੁਆਰਾ ਸਾਹਿਬ ਦੀ  ਬਿਹਤਰੀਨ ਸੇਵਾ ਸੰਭਾਲ ਦੀ ਚੋਣ ਸੀ, ਜਿਸ ’ਚ ਵਿਦੇਸ਼ ਰਹਿ ਰਹੀਆਂ ਪੰਥਕ ਧਿਰਾਂ ਨੇ ਇਸ ਪੰਥਕ ਗਰੁੱਪ ਨੂੰ ਸੇਵਾ ਸੰਭਾਲ ਦਾ ਇਹ ਮੌਕਾ ਬਖ਼ਸ਼ ਕੇ ਪੰਥਕ ਗਰੁੱਪ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ । ਜਿਸ ਨੂੰ ਪੰਥਕ ਗਰੁੱਪ ਦੇ ਸਮੂਹ ਮੈਂਬਰ ਤੇ ਅਹੁਦੇਦਾਰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੇ  ਕਿਹਾ ਕਿ ਪੰਥਕ ਗਰੁੱਪ ਦੀ ਝੋਲੀ ’ਚ ਸੰਗਤ ਨੇ ਜੋ ਸੇਵਾ ਪਾਈ ਹੈ, ਜਿਸ ’ਚ ਸ਼ੇਰ ਗਰੁੱਪ ਅਤੇ ਹੋਰਨਾਂ ਸਾਰੇ ਧੜਿਆਂ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੀ ਬਿਹਤਰੀ ਲਈ ਜਿੱਥੇ ਕੰਮ ਕੀਤਾ ਜਾਵੇਗਾ । ਉਥੇ ਹੀ ਵਿਦੇਸ਼ਾਂ ਵਿਚ ਰਹਿ ਰਹੀ ਨੌਜਵਾਨ ਪੀੜ੍ਹੀ ਦੇ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਪੰਥਕ ਗਰੁੱਪ ਤੋਂ ਵੱਡੀਆਂ ਆਸਾਂ ਹਨ, ਜਿਸ ਕਰਕੇ ਗੁਰਮਤਿ ਅਨੁਸਾਰ ਸੇਵਾ ਸੰਭਾਲ ਅਤੇ ਸਾਊਥਾਲ ਦੇ ਸਿੱਖਾਂ ਦੇ ਸਰਬਪੱਖੀ ਹਿੱਤਾਂ ਦੀ ਨੁਮਾਇੰਦਗੀ ਲਈ ਪੰਥਕ ਗਰੁੱਪ ਹਮੇਸ਼ਾ ਤੱਤਪਰ ਰਹੇਗਾ। ਇਸ ਦੌਰਾਨ ਵੱਡੀ ਇਤਿਹਾਸਕ ਜਿੱਤ ਹਾਸਲ ਕਰਨ ਵਾਲੇ ਪੰਥਕ ਗਰੁੱਪ ਦੇ ਉਮੀਦਵਾਰ ਹਰਮੀਤ ਸਿੰਘ ਗਿੱਲ ਨੇ ਕਿਹਾ ਕਿ  ਵਿਦੇਸ਼ਾਂ ’ਚ ਦਸਤਾਰ ਤੇ ਪੰਜ ਕਕਾਰਾਂ ਦੀ ਸਹੀ ਜਾਣਕਾਰੀ ਤੇ ਗੁਰੂ ਦੇ ਬਾਣੇ ਦਾ ਸਹੀ ਸਤਿਕਾਰ ਕਰਾਉਣ ਲਈ ਬਰਤਾਨੀਆ ਸਰਕਾਰ ਤੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਜਾਣੂ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਦੇ ਨਾਲ ਹੀ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਇਸ ਯੁੱਗ ’ਚ ਸਿੱਖ ਵਿਰਸੇ ਤੇ ਗੁਰਬਾਣੀ ਦੇ ਧਾਰਨੀ ਬਣਾਉਣ ਦੇ ਨਾਲ ਨਾਲ ਗੁਰਮੁਖੀ ਸਿਖਾਉਣ ਲਈ ਇਸੇ ਹੀ ਸੋਸ਼ਲ ਮੀਡੀਏ ਦਾ ਉਪਯੋਗ ਕਰਦੇ ਹੋਏ ਵਿਸ਼ੇਸ਼ ਯਤਨ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੇਵਾ ਸੰਭਾਲ ਇਕ ਵੱਡਾ ਸੰਗਤੀ ਪ੍ਰਬੰਧ ਹੁੰਦਾ ਹੈ, ਜਿਸ ’ਚ ਹਰੇਕ ਦੇ ਸੁਝਾਅ ਦਾ ਸਵਾਗਤ ਕੀਤਾ ਜਾਵੇਗਾ ਤੇ ਗੁਰਮਤਿ ਭਾਵਨਾ ਅਨੁਸਾਰ ਹੀ ਸਾਰੇ ਕਾਰਜ ਸੰਪੂਰਨ ਕੀਤੇ ਜਾਣਗੇ ।

 ਕਿਸ ਉਮੀਦਵਾਰ ਨੂੰ ਮਿਲੀਆਂ ਕਿੰਨੀਆਂ ਵੋਟਾਂ ?

ਪੰਥਕ ਗਰੁੱਪ

ਹਿੰਮਤ ਸਿੰਘ ਸੋਹੀ -2847
ਕੁਲਵੰਤ ਸਿੰਘ ਭਿੰਡਰ-2915
 ਹਰਜੀਤ ਸਿੰਘ ਪਨੀਚ-2862
 ਸੁਖਦੇਵ ਸਿੰਘ ਔਜਲਾ-2774
 ਹਰਪ੍ਰੀਤ ਸਿੰਘ ਬੈਂਸ -2909
ਗੁਲਜ਼ਾਰ ਸਿੰਘ ਚਤੱਰਥ -2749
ਪਰਵਿੰਦਰ ਸਿੰਘ ਗਰਚਾ-2767
  ਹਰਮੀਤ ਸਿੰਘ ਗਿੱਲ-2928  
ਕੁਲਦੀਪ ਸਿੰਘ ਗਿੱਲ-2836
 ਤੇਜ ਕੌਰ ਗਰੇਵਾਲ-2854
 ਮਨਸੁਖਬੀਰ ਸਿੰਘ ਜੌਹਲ- 2809
ਹਰਬੰਸ ਸਿੰਘ ਕਲਸੀ -2777
ਦਵਿੰਦਰਪਾਲ ਸਿੰਘ ਕੂਨਰ -2807
ਜਗਦੀਸ਼ ਕੌਰ ਲਾਲ -2848
ਬਲਪ੍ਰੀਤ ਕੌਰ ਮਲਹੋਤਰਾ-2812
 ਕਰਨਵੀਰ ਸਿੰਘ ਰਾਏ -2854
ਜੀਤਪਾਲ ਸਿੰਘ ਸਹੋਤਾ -2807
ਪ੍ਰੀਤਮ ਸਿੰਘ ਸਹੋਤਾ-2787
 ਭਜਨ ਸਿੰਘ-2693
 ਮਨਜੀਤ ਸਿੰਘ-2742
 ਜਰਨੈਲ ਸਿੰਘ  -2763


ਸ਼ੇਰ ਗਰੁੱਪ  

ਹਰਜੀਤ ਸਿੰਘ-1875
 ਸੁਰਜੀਤ ਕੌਰ ਬਾਸੀ-1887
 ਕੇਵਲ ਸਿੰਘ ਰਣਧੇਵਾ-1824
 ਸਤਨਾਮ ਸਿੰਘ ਚੌਹਾਨ -1823
ਦਿਲਬਾਗ ਸਿੰਘ ਖਹਿਰਾ-1856
 ਜਤਿੰਦਰ ਸਿੰਘ-1846
 ਕਮਲਪ੍ਰੀਤ ਕੌਰ-1884
ਹਰਬੰਸ ਸਿੰਘ ਕੁਲਾਰ -1829
ਗੁਰਦੀਪ ਸਿੰਘ-1785
 ਗੁਰਬਚਨ ਸਿੰਘ ਅਠਵਾਲ-1818
 ਜੈ ਸਿਮਰਨ ਸਿੰਘ -1864
ਤਰਨਵੀਰ ਸਿੰਘ-1891
 ਜਗਤਾਰ ਸਿੰਘ-1855
 ਪਰਮਜੀਤ ਸਿੰਘ ਧਾਲੀਵਾਲ-1816
 ਅਮਰੀਕ ਸਿੰਘ -1775
ਗੁਰਮੀਤ ਸਿੰਘ ਸਿੱਧੂ -1839
ਜਸਵਿੰਦਰ ਕੌਰ-1839
 ਜੋਗਿੰਦਰ ਸਿੰਘ-1815
ਹਰਜਿੰਦਰ ਸਿੰਘ-1741
 ਮਹੀਪਾਲ ਸਿੰਘ -1737
 ਜੋਗਿੰਦਰ ਪਾਲ ਸਿੰਘ ਰਾਠੌਰ -1665

 ਆਜ਼ਾਦ ੳਮੀਦਵਾਰ    

ਜੀਵਨਜੋਤ ਸਿੰਘ ਗੁਰੋ-258
ਕੁਲਦੀਪ ਸਿੰਘ ਗਰੇਵਾਲ-297
ਮਨਜੀਤ ਸਿੰਘ ਸੋਹਲ-256
 


Manoj

Content Editor

Related News