ਗੁਰਦੁਆਰਾ ਅਨੰਦਗੜ੍ਹ ਸਾਹਿਬ ਵਿਖੇ ਮਨਾਇਆ 550 ਸਾਲਾ ਪ੍ਰਕਾਸ਼ ਪੁਰਬ
Monday, Nov 18, 2019 - 11:16 AM (IST)

ਫਰਿਜ਼ਨੋ, ( ਰਾਜ ਗੋਗਨਾ )— ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੇ ਗੁਰਦੁਆਰਾ ਅਨੰਦਗੜ੍ਹ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਏ। ਇਸ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਕੀਰਤਨੀ ਜੱਥੇ ਭਾਈ ਸੋਢੀ ਸਿੰਘ ਅਤੇ ਸਾਥੀਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਹਾਜ਼ਰੀ ਭਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਦਰਸ਼ਨ ਅਤੇ ਜੀਵਨ ਸੰਬੰਧੀ ਵਿਚਾਰਾਂ ਕੀਤੀਆਂ।
ਇਸ ਉਪਰੰਤ ਸਥਾਨਕ ਗੁਰੂਘਰ ਵਿਖੇ ਚਲਾਏ ਜਾ ਰਹੇ 'ਕਰਮਨ ਪੰਜਾਬੀ ਸਕੂਲ' ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਪੜ੍ਹਦੇ ਹੋਏ ਹਾਜ਼ਰੀ ਭਰੀ। ਜਦਕਿ ਇਸ ਸਮੇਂ ਗਾਇਕਾ ਜੋਤ ਰਣਜੀਤ ਕੌਰ ਨੇ ਜਿੱਥੇ ਗੁਰੂ ਦੀ ਮਹਿਮਾ ਵਿੱਚ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਭਰੀ, ਉੱਥੇ ਸੰਗਤਾਂ ਨੂੰ ਵਹਿਮਾਂ-ਭਰਮਾਂ 'ਚੋਂ ਨਿਕਲਣ ਗੁਰਸਿੱਖੀ ਵਾਲਾ ਜੀਵਨ ਧਾਰਨ ਕਰਨ ਦੀ ਅਪੀਲ ਵੀ ਕੀਤੀ। ਜਦਕਿ ਸੰਗੀਤਕ ਧੁਨਾਂ 'ਤੇ ਉਨ੍ਹਾਂ ਦਾ ਸਾਥ ਅਵਤਾਰ ਗਰੇਵਾਲ ਨੇ ਦਿੱਤਾ। ਇਸ ਤੋਂ ਇਲਾਵਾ ਗੁਰਦੀਪ ਸਿੰਘ ਧਾਲੀਵਾਲ ਨੇ ਆਪਣੀ ਗਾਇਕੀ ਰਾਹੀਂ ਗੁਰੂ ਜੀ ਦੀ ਉਸਤਤ ਕੀਤੀ। ਸਟਜ ਸੰਚਾਲਨ ਕੁਲਦੀਪ ਸਿੰਘ ਕਾਲੇਕਾ ਨੇ ਕਰਦੇ ਹੋਏ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਦੇ ਲੰਗਰ ਅਤੁੱਟ ਵਰਤੇ।