ਟਮਾਟਰਾਂ ਦੀ ਕੀਮਤ ਕਾਰਨ ਪਰੇਸ਼ਾਨ ਪਾਕਿਸਤਾਨੀ, ਤਾਇਨਾਤ ਕੀਤੇ ਗਏ ਬੰਦੂਕਧਾਰੀ

11/20/2019 5:18:08 PM

ਇਸਲਾਮਾਬਾਦ— ਗੁਆਂਢੀ ਮੁਲਕ ਪਾਕਿਸਤਾਨ ਇਨ੍ਹੀਂ ਦਿਨੀਂ ਬਹੁਤ ਹੀ ਬੁਰੇ ਹਾਲਾਤਾਂ 'ਚੋਂ ਲੰਘ ਰਿਹਾ ਹੈ। ਨਤੀਜੇ ਵਜੋਂ ਇਥੇ ਟਮਾਟਰਾਂ ਦੀ ਕੀਮਤ ਰਿਕਾਰਡ 400 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸੇ ਵਿਚਾਲੇ ਆਰਥਿਕ ਸੰਕਟ ਦੀ ਮਾਰ ਝੱਲ ਰਿਹੇ ਪਾਕਿਸਤਾਨ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ 'ਚ ਇਕ ਬੰਦੂਕਧਾਰੀ ਸੁਰੱਖਿਆ ਕਰਮਚਾਰੀ ਟਮਾਟਰਾਂ ਦੀ ਸੁਰੱਖਿਆ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੀ ਇਕ ਤਸਵੀਰ ਉਥੋਂ ਦੀ ਆਰਥਿਕ ਸੰਕਟ ਨੂੰ ਬਿਆਨ ਕਰਨ ਲਈ ਕਾਫੀ ਹੈ। ਮਹਿੰਗਾਈ ਦਾ ਰਿਕਾਰਡ ਤੋੜ ਚੁੱਕੇ ਪਾਕਿਸਤਾਨ 'ਚ ਲੁਟੇਰੇ ਕਿਸੇ ਸੋਨਾ-ਚਾਂਦੀ ਨੂੰ ਲੁੱਟਣ ਦੀ ਥਾਂ ਟਮਾਟਰ ਲੁੱਟ ਰਹੇ ਹਨ। ਇਹੀ ਕਾਰਨ ਹੈ ਕਿ ਕਿਸਾਨਾਂ ਨੇ ਪਾਕਿਸਤਾਨ 'ਚ ਬੇਸ਼ਕੀਮਤੀ ਹੋ ਚੁੱਕੀਆਂ ਟਮਾਟਰ ਦੀਆਂ ਫਸਲਾਂ ਨੂੰ ਲੁੱਟ ਤੋਂ ਬਚਾਉਣ ਲਈ ਹਥਿਆਰਬੰਦ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ।

ਸਿੰਧ ਸੂਬੇ 'ਚ ਲੁੱਟ ਦੀਆਂ ਵਧੇਰੇ ਖਬਰਾਂ
ਭਾਰਤ, ਈਰਾਨ ਤੇ ਅਫਗਾਨਿਸਤਾਨ ਤੋਂ ਟਮਾਟਰ ਦਰਾਮਦ ਹੋਣੇ ਬੰਦ ਹੋਣ ਕਾਰਨ ਪਾਕਿਸਤਾਨ 'ਚ ਇਸ ਦੀ ਕੀਮਤ ਬਹੁਤ ਵਧ ਗਈ ਹੈ। ਸਿੰਧ ਸੂਬੇ 'ਚ ਟਮਾਟਰ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਉਥੇ ਲੁੱਟ ਦੀਆਂ ਖਬਰਾਂ ਜ਼ਿਆਦਾ ਹਨ। ਗੁਆਂਢੀ ਦੇਸ਼ 'ਚ ਟਮਾਟਰ ਹੀ ਨਹੀਂ ਲੋਕੀ ਤੇ ਹੋਰਾਂ ਸਬਜ਼ੀਆਂ ਦੇ ਰੇਟ ਵੀ ਲੋਕਾਂ ਦੇ ਹੰਝੂ ਕੱਢ ਰਹੇ ਹਨ। ਲੋਕੀ ਦੀ ਕੀਮਤ 170 ਰੂਪਏ ਕਿਲੋ ਹੈ। ਪਾਕਿਸਤਾਨੀ ਨਾਗਰਿਕ ਇਸੇ ਮਹਿੰਗਾਈ 'ਚ ਜਿਊਣ ਲਈ ਮਜਬੂਰ ਹੈ।

ਸਵਾਲਾਂ ਦੇ ਘੇਰੇ 'ਚ ਹੈ ਸਰਕਾਰ ਦਾ ਬਿਆਨ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਆਰਥਿਕ ਸਲਾਹਕਾਰ ਡਾਕਟਰ ਅਬਦੁੱਲ ਹਫੀਜ਼ ਦੇ ਬਿਆਨ ਨੇ ਤਾਂ ਆਮ ਜਨਤਾ ਦੇ ਜ਼ਖਮਾਂ 'ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਸਮੱਸਿਆ 'ਤੇ ਪਰਦਾ ਪਾਉਂਦੇ ਹੋਏ ਕਿਹਾ ਕਿ ਕਰਾਚੀ 'ਚ ਟਮਾਟਰ ਦਾ ਰੇਟ 17 ਰੁਪਏ ਕਿਲੋ ਹੈ। ਮੀਡੀਆ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੰਡੀ ਜਾਂ ਉਸ ਥਾਂ ਦਾ ਨਾਂ ਦੱਸੋ ਤਾਂ ਇਸ ਦਾ ਉਨ੍ਹਾਂ ਕੋਈ ਜਵਾਬ ਨਾ ਦਿੱਤਾ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਹਫੀਜ਼ ਦੇ ਬਿਆਨ ਨੂੰ ਬਹੁਤ ਟ੍ਰੋਲ ਕੀਤਾ। ਫਿਲਹਾਲ ਪਾਕਿਸਤਾਨ ਇਸ ਮਹਿੰਗਾਈ ਦੀ ਮਾਰ ਤੋਂ ਬਚਦਾ ਨਜ਼ਰ ਨਹੀਂ ਆ ਰਿਹਾ।


Baljit Singh

Content Editor

Related News