ਕੀਵ ਪਹੁੰਚੇ ਗੁਆਟੇਮਾਲਾ ਦੇ ਰਾਸ਼ਟਰਪਤੀ ਗਿਆਮਤਾਈ, ਯੂਕ੍ਰੇਨ ਨਾਲ ਦਿਖਾਈ ਇਕਜੁੱਟਤਾ (ਤਸਵੀਰਾਂ)
Tuesday, Jul 26, 2022 - 04:40 PM (IST)
ਗੁਆਟੇਮਾਲਾ (ਏਜੰਸੀ): ਗੁਆਟੇਮਾਲਾ ਦੇ ਰਾਸ਼ਟਰਪਤੀ ਅਲੇਜੈਂਡਰੋ ਗਿਆਮਤਾਈ ਸੋਮਵਾਰ ਨੂੰ ਯੂਕ੍ਰੇਨ ਪਹੁੰਚੇ ਅਤੇ ਉਹਨਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਗਿਆਮਤਾਈ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਉਹ ਯੂਕ੍ਰੇਨ ਦਾ ਦੌਰਾ ਕਰਨ ਵਾਲੇ ਪਹਿਲੇ ਲਾਤੀਨੀ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।
ਕਈ ਲਾਤੀਨੀ ਅਮਰੀਕੀ ਨੇਤਾਵਾਂ ਨੇ ਯੂਕ੍ਰੇਨ 'ਤੇ ਰੂਸੀ ਹਮਲੇ 'ਤੇ ਸਟੈਂਡ ਲੈਣ ਤੋਂ ਗੁਰੇਜ਼ ਕੀਤਾ ਹੈ। ਇਹ ਸ਼ਾਇਦ ਰੂਸ ਨਾਲ ਇਨ੍ਹਾਂ ਦੇਸ਼ਾਂ ਦੇ ਦਹਾਕਿਆਂ ਪੁਰਾਣੇ ਸਬੰਧਾਂ ਕਾਰਨ ਹੈ। ਗਿਆਮਤਾਈ ਨੇ ਜ਼ੇਲੇਂਸਕੀ ਨਾਲ ਇੱਕ ਸੰਯੁਕਤ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸੀਂ ਯੂਕ੍ਰੇਨ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ, ਜਿਨ੍ਹਾਂ ਨੇ ਬਹਾਦਰੀ ਨਾਲ ਵਿਰੋਧ ਕੀਤਾ ਹੈ। ਜਿੰਨਾ ਚਿਰ ਲੋਕ ਆਪਣੀਆਂ ਜਾਨਾਂ ਗੁਆਉਂਦੇ ਰਹਿਣਗੇ, ਅਸੀਂ ਆਪਣੀ ਆਵਾਜ਼ ਨੂੰ ਦਬਾ ਨਹੀਂ ਸਕਦੇ।
ਪੜ੍ਹੋ ਇਹ ਅਹਿਮ ਖ਼ਬਰ- ਮਈ ਚੋਣਾਂ ਤੋਂ ਬਾਅਦ ਆਸਟ੍ਰੇਲੀਆਈ ਸੰਸਦ ਮੁੜ ਸ਼ੁਰੂ, PM ਅਲਬਾਨੀਜ਼ ਨੇ ਕਹੀ ਇਹ ਗੱਲ
ਉਹਨਾਂ ਨੇ ਕਿਹਾ ਕਿ ਇਹ ਸਪੱਸ਼ਟ ਕਰਨ ਲਈ ਕਿ ਇਸ ਸੰਘਰਸ਼ ਦੇ ਸ਼ੁਰੂ ਤੋਂ ਹੀ ਗੁਆਟੇਮਾਲਾ ਨੇ ਆਪਣੀ ਆਵਾਜ਼ ਚੁੱਕੀ ਹੈ ਅਸੀਂ ਹਮੇਸ਼ਾ ਆਪਣੇ ਸ਼ਬਦਾਂ 'ਤੇ ਕਾਇਮ ਹਾਂ। ਗੁਆਟੇਮਾਲਾ ਨਾ ਤਾਂ ਚੁੱਪ ਹੈ ਅਤੇ ਨਾ ਹੀ ਇਹ ਚੁੱਪ ਰਹੇਗਾ। ਉੱਧਰ ਜ਼ੇਲੇਂਸਕੀ ਨੇ ਰੂਸ 'ਤੇ ਪਾਬੰਦੀਆਂ ਲਗਾਉਣ ਅਤੇ ਜੰਗੀ ਅਪਰਾਧਾਂ ਲਈ ਅੰਤਰਰਾਸ਼ਟਰੀ ਟ੍ਰਿਬਿਊਨਲ ਵਿਖੇ ਗੁਆਟੇਮਾਲਾ ਦੇ ਸਮਰਥਨ ਲਈ ਗਿਆਮਤਾਈ ਦਾ ਧੰਨਵਾਦ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।