ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ, ਕਿਹਾ-ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ

Wednesday, Feb 03, 2021 - 06:03 PM (IST)

ਵਾਸ਼ਿੰਗਟਨ (ਬਿਊਰੋ): ਭਾਰਤ ਵਿਚ ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਹੁਣ ਅੰਤਰਰਾਸ਼ਟਰੀ ਸੁਰਖੀਆਂ ਬਟੋਰ ਰਿਹਾ ਹੈ। ਦੇਸ਼ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨ ਦੇ ਵਿਰੋਧ ਵਿਚ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਸਰਕਾਰ ਅਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨੀ 'ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ। ਹੁਣ ਕਿਸਾਨਾਂ ਨੂੰ ਅੰਤਰਰਾਸ਼ਟਰੀ ਹਸਤੀਆਂ ਦਾ ਸਮਰਥਨ ਮਿਲਣ ਲੱਗਾ ਹੈ। ਪਹਿਲਾਂ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ ਸੀ ਅਤੇ ਹੁਣ ਜਲਵਾਯੂ ਤਬਦੀਲੀ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰ ਕੇ ਉਹਨਾਂ ਦੇ ਅੰਦੋਲਨ ਨੂੰ ਗਲੋਬਲ ਬਣਾ ਦਿੱਤਾ ਹੈ। ਗ੍ਰੇਟਾ ਥਨਬਰਗ ਅਤੇ ਰਿਹਾਨਾ ਦੇ ਇਲਾਵਾ ਵੀ ਭਾਰਤੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵਿਸ਼ਵ ਦੀਆਂ ਕਈ ਹਸਤੀਆਂ ਨੇ ਸਮਰਥਨ ਦਿੱਤਾ ਹੈ।

ਗ੍ਰੇਟਾ ਨੇ ਟਵੀਟ ਕਰ ਦਿੱਤਾ ਸਮਰਥਨ
ਜਲਵਾਯੂ ਤਬਦੀਲੀ ਕਾਰਕੁਨ ਗ੍ਰੇਟਾ ਥਨਬਰਗ ਨੇ ਅਮਰੀਕੀ ਅਖ਼ਬਾਰ ਸੀ.ਐੱਨ.ਐੱਨ. ਦੀ ਇਕ ਰਿਪੋਰਟ ਆਪਣੇ ਟਵਿੱਟਰ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਅਸੀਂ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਹਾਂ। ਗ੍ਰੇਟਾ ਥਨਬਰਗ ਦੇ ਟਵੀਟ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਉਹਨਾਂ ਦਾ ਧੰਨਵਾਦ ਕਰ ਰਹੇ ਹਨ ਤਾਂ ਕਈ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦਿਆਂ ਇਸ ਤੋਂ ਦੂਰ ਰਹਿਣ ਲਈ ਕਹਿ ਰਹੇ ਹਨ।

 

ਜਾਣੋ ਗ੍ਰੇਟਾ ਥਨਬਰਗ ਦੇ ਬਾਰੇ ਵਿਚ
ਗ੍ਰੇਟਾ ਥਨਬਰਗ ਸਵੀਡਨ ਦੀ ਇਕ ਵਾਤਾਵਰਨ ਕਾਰਕੁਨ ਹੈ, ਜਿਸ ਦੇ ਵਾਤਵਾਰਨ ਅੰਦੋਲਨ ਦੀ ਪੂਰੀ ਦੁਨੀਆ ਵਿਚ ਤਾਰੀਫ ਕੀਤੀ ਗਈ ਹੈ। ਉਸ ਨੂੰ 'ਟਾਈਮ ਪਰਸਨ ਆਫ ਦੀ ਯੀਅਰ' ਐਵਾਰਡ ਵੀ ਮਿਲ ਚੁੱਕਾ ਹੈ। ਗ੍ਰੇਟਾ ਵਾਤਵਾਰਨ ਅਤੇ ਜਲਵਾਯੂ ਸੰਕਟ ਦਾ ਅਹਿਮ ਚਿਹਰਾ ਬਣ ਚੁੱਕੀ ਹੈ। ਉਸ ਦਾ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਦਾ ਮਤਲਬ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣਾ ਹੈ। ਗ੍ਰੇਟਾ ਸੰਯੁਕਤ ਰਾਸ਼ਟਰ ਵਿਚ ਵੀ ਜਲਵਾਯੂ ਤਬਦੀਲੀ 'ਤੇ ਭਾਸ਼ਣ ਦੇ ਚੁੱਕੀ ਹੈ, ਜਿਸ ਨੂੰ ਪੂਰੀ ਦੁਨੀਆ ਵਿਚ ਕਾਫੀ ਪ੍ਰਸਿੱਧੀ ਮਿਲੀ ਸੀ।

ਰਿਹਾਨਾ ਨੇ ਦਿੱਤਾ ਸਮਰਥਨ
ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਵੀ ਟਵੀਟ ਕਰਕੇ ਭਾਰਤੀ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ। ਰਿਹਾਨਾ ਨੇ ਟਵਿੱਟਰ 'ਤੇ ਇਕ ਨਿਊਜ਼ ਸ਼ੇਅਰ ਕੀਤੀ ਹੈ ਜਿਸ ਵਿਚ ਕਿਸਾਨ ਅੰਦੋਲਨ ਕਾਰਨ ਪ੍ਰਭਾਵਿਤ ਇੰਟਰਨੈੱਟ ਸੇਵਾ ਦਾ ਜ਼ਿਕਰ ਹੈ। ਲੇਖ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਜਦੋਂ ਰਿਹਾਨਾ ਨੂੰ ਭਾਰਤ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਬਾਰੇ ਪਤਾ ਚੱਲਿਆ ਤਾਂ ਉਹ ਵੀ ਚੁੱਪ ਨਹੀਂ ਰਹਿ ਸਕੀ। ਰਿਹਾਨਾ ਨੇ ਖ਼ਬਰ  ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਕਿ ਅਸੀਂ ਇਸ ਬਾਰੇ ਵਿਚ ਗੱਲ ਕਿਉਂ ਨਹੀਂ ਕਰ ਰਹੇ ਹਾਂ। ਰਿਹਾਨਾ ਦੇ ਟਵੀਟ ਮਗਰੋਂ ਅੰਤਰਰਾਸ਼ਟਰੀ ਸੰਸਥਾ ਹਿਊਮਨ ਰਾਈਟ ਵਾਚ, ਇੰਟਰਨੈਸ਼ਨਲ ਇੰਟਰਨੈੱਟ ਰਾਈਟਸ ਨਾਲ ਜੁੜੀਆਂ ਸੰਸਥਾ, ਅਮਰੀਕੀ ਮਾਡਲ ਅਮਾਂਡਾ ਸਮੇਤ ਕਈ ਮਸ਼ਹੂਰ ਸੰਸਥਾਵਾਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਉਤਰੀਆਂ ਹਨ।

ਨੋਟ- ਗ੍ਰੇਟਾ ਥਨਬਰਗ ਦੇ ਕਿਸਾਨ ਅੰਦੋਲਨ ਨੂੰ ਦਿੱਤੇ ਸਮਰਥਨ 'ਤੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News