ਦਿੱਲੀ ਪੁਲਸ ਦਾ ਖੁਲਾਸਾ, ਖ਼ਾਲਿਸਤਾਨੀ ਸਮਰਥਕ ਸੰਗਠਨ ਨੇ ਰਚੀ ਸੀ ਲਾਲ ਕਿਲ੍ਹੇ ਦੀ ਘਟਨਾ ਦੀ ਸਾਜ਼ਿਸ਼
Friday, Feb 05, 2021 - 06:12 PM (IST)
ਨਵੀਂ ਦਿੱਲੀ (ਸੰਜੀਵ ਯਾਦਵ): ਗਣਤੰਤਰ ਦਿਵਸ ਮੌਕੇ ਟ੍ਰੈਕਟਰ ਪਰੇਡ ਵਿਚ ਹੋਈ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼ ਸੀ, ਜੋ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਤਿਆਰ ਕੀਤੀ ਗਈ ਸੀ। ਰਾਜਧਾਨੀ ਵਿਚ ਹਿੰਸਾ ਦੀਆਂ ਘਟਨਾਵਾਂ, ਲਾਲ ਕਿਲ੍ਹੇ ਵਿਚ ਕੀਤੀ ਗਈ ਭੰਨ-ਤੋੜ, ਉਸ ਦੇ ਪੱਖ ਵਿਚ ਸੋਸ਼ਲ ਮੀਡੀਆ ’ਤੇ ਭੜਕਾਊ ਟਿੱਪਣੀਆਂ ਤੇ ਵੀਡੀਓ ਉਸੇ ਤਰਜ਼ ’ਤੇ ਹਨ ਜਿਵੇਂ ਕਿ ਅਮਰੀਕਾ ਵਿਚ ਕੈਪੀਟਲ ਹਿਲ ਦੀ ਘਟਨਾ ’ਚ ਦੇਖਣ ਨੂੰ ਮਿਲਿਆ ਸੀ।
ਦਿੱਲੀ ਪੁਲਸ ਦੇ ਵਿਸ਼ੇਸ਼ ਕਮਿਸ਼ਨਰ (ਅਪਰਾਧ) ਪ੍ਰਵੀਰ ਰੰਜਨ ਨੇ ਸਾਜ਼ਿਸ਼ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਹੁਣ ਤਕ 309 ਟਵੀਟਸ ਅਤੇ 672 ਵੀਡੀਓਜ਼ ਅਜਿਹੇ ਮਿਲੇ ਹਨ, ਜਿਨ੍ਹਾਂ ਰਾਹੀਂ ਗਣਤੰਤਰ ਦਿਵਸ ’ਤੇ ਰੈਲੀ ਦੌਰਾਨ ਹਿੰਸਾ ਕੀਤੀ ਜਾਣੀ ਸੀ। ਨਾਲ ਹੀ ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ ਇਕ ਅਕਾਊਂਟ ਰਾਹੀਂ ਦਸਤਾਵੇਜ਼ ਮਿਲਿਆ ਹੈ, ਜੋ ਇਕ ਟੂਲਕਿਟ ਹੈ, ਜਿਸ ਵਿਚ ਐਕਸ਼ਨ ਪਲਾਨ ਹੈ। ਇਹ ਟੂਲਕਿਟ ਕੈਨੇਡਾ ਦੇ ਖਾਲਿਸਤਾਨੀ ਸਮਰਥਕ ਸੰਗਠਨ ‘ਪੋਇਟਿਕ ਜਸਟਿਸ ਫਾਊਂਡੇਸ਼ਨ’ ਵਲੋਂ ਬਣਾਇਆ ਗਿਆ ਹੈ। ਇਸ ਵਿਚ ਕਿਸਾਨ ਅੰਦੋਲਨ ਦੌਰਾਨ ਕੀ ਕਰਨਾ ਸੀ, ਇਹ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ-‘23 ਜਨਵਰੀ ਤੋਂ ਕਿਸਾਨ ਅੰਦੋਲਨ ’ਤੇ ਲਗਾਤਾਰ ਕਾਫੀ ਟਵੀਟ ਕਰਨੇ ਹਨ, 26 ਜਨਵਰੀ ਨੂੰ ਦਿੱਲੀ ਦੀ ਸਰਹੱਦ ਨੇੜੇ ਹੋਣ ਵਾਲੇ ਮਾਰਚ ਵਿਚ ਸ਼ਾਮਲ ਹੋਣਾ ਹੈ ਅਤੇ ਵਾਪਸ ਸਰਹੱਦ ’ਤੇ ਜਾਣਾ ਹੈ।’
ਉਨ੍ਹਾਂ ਕਿਹਾ–26 ਜਨਵਰੀ ਨੂੰ ਜੋ ਕੁਝ ਹੋਇਆ, ਉਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਟੂਲਕਿਟ ਵਿਚ ਜੋ ਲਿਖਿਆ ਹੈ, ਉਸ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਹੈ। ਇਸ ਨੂੰ ਪਹਿਲਾਂ ਅਪਲੋਡ ਕੀਤਾ ਗਿਆ ਅਤੇ ਫਿਰ ਕੁਝ ਦਿਨ ਬਾਅਦ ਡਿਲੀਟ ਕਰ ਦਿੱਤਾ ਗਿਆ। ਇਸੇ ਕਾਰਣ ਦਿੱਲੀ ਪੁਲਸ ਨੇ ਟੂਲਕਿਟ ਲਿਖਣ ਵਾਲਿਆਂ ਖਿਲਾਫ ਆਈ. ਪੀ. ਸੀ. ਦੀਆਂ ਧਾਰਾਵਾਂ 124ਏ, 153, 153ਏ ਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਹੈ।ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੀ ਆੜ ’ਚ ਭੜਕਾਊ ਪ੍ਰਚਾਰ ਤੇ ਸਾਜ਼ਿਸ਼ ਤਹਿਤ ਸੋਸ਼ਲ ਮੀਡੀਆ ’ਤੇ ਜੋ ਪੋਸਟ ਕੀਤਾ ਜਾ ਰਿਹਾ ਹੈ, ਉਸ ਸਿਲਸਿਲੇ ਵਿਚ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਅੰਦੋਲਨ ਦੀ ਆੜ ’ਚ ਖਾਲਿਸਤਾਨੀ ਤੇ ਪੱਛਮੀ ਸੰਗਠਨ ਮਿਲ ਕੇ ਸੋਸ਼ਲ ਮੀਡੀਆ ’ਤੇ ਭੁਲੇਖਾਪਾਊ ਪ੍ਰਚਾਰ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਭੜਕਾ ਰਹੇ ਹਨ।
ਗ੍ਰੇਟਾ ਥਨਬਰਗ ਨੇ ਅਪਲੋਡ ਕੀਤਾ ਟੂਲਕਿਟ, ਐੱਫ.ਆਈ.ਆਰ. ’ਚ ਨਾਂ ਨਹੀਂ
ਪੁਲਸ ਨੇ ਦੱਸਿਆ ਕਿ ਇਹ ਟੂਲਕਿਟ ਵਾਤਾਵਰਨ ਵਰਕਰ ਗ੍ਰੇਟਾ ਥਨਬਰਗ ਨੇ 4 ਫਰਵਰੀ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਸੀ ਅਤੇ ਲਿਖਿਆ ਸੀ–‘ਜੇ ਇਹ ਮਦਦਗਾਰ ਸਾਬਤ ਹੋ ਸਕੇ ਤਾਂ ਜਿਹੜੇ ਲੋਕ ਜ਼ਮੀਨ ’ਤੇ ਹਨ, ਇਹ ਟੂਲਕਿਟ ਉਨ੍ਹਾਂ ਲਈ ਹੈ। ਇਸ ਐੱਫ. ਆਈ. ਆਰ. ਵਿਚ ਗ੍ਰੇਟਾ ਦਾ ਨਾਂ ਨਹੀਂ ਅਤੇ ਉਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ।
ਸ਼ਾਹ ਨੇ ਕੀਤੀ ਬੈਠਕ, ਪੁਲਸ ਨੇ ਦੱਸਿਆ ਪਲਾਨ
ਵੀਰਵਾਰ ਦੇਰ ਸ਼ਾਮ ਨੂੰ ਕਿਸਾਨ ਅੰਦੋਲਨ ਤੇ ਸੋਸ਼ਲ ਮੀਡੀਆ ’ਤੇ ਭਾਰਤ ਦੇ ਅਕਸ ਬਾਰੇ ਹੋ ਰਹੀ ਟਿੱਪਣੀ ’ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੌਮੀ ਸੁਰੱਖਿਆ ਸਲਾਹਕਾਰ ਅਤੇ ਦਿੱਲੀ ਪੁਲਸ ਕਮਿਸ਼ਨਰ ਐੱਸ. ਐੱਨ. ਸ਼੍ਰੀਵਾਸਤਵ ਨਾਲ ਬੈਠਕ ਕੀਤੀ, ਜਿਸ ਵਿਚ ਪੁਲਸ ਕਮਿਸ਼ਨਰ ਨੇ ਸੁਰੱਖਿਆ ਸਮੇਤ ਹਿੰਸਾ ਸਬੰਧੀ ਕੀਤੀ ਜਾ ਰਹੀ ਜਾਂਚ ’ਤੇ ਵਿਸਥਾਰ ਨਾਲ ਇਕ ਰਿਪੋਰਟ ਦਿੱਤੀ, ਜਿਸ ਤੋਂ ਬਾਅਦ ਕੌਮੀ ਸੁਰੱਖਿਆ ਸਲਾਹਕਾਰ ਨੇ ਵੀ ਇੰਟੈਲੀਜੈਂਸ ਦੇ ਇਨਪੁੱਟ ਤੇ ਮੌਜੂਦਾ ਹਾਲਾਤ ਬਾਰੇ ਦੱਸਿਆ। ਦੱਸਿਆ ਜਾਂਦਾ ਹੈ ਕਿ ਇਸੇ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰੀ ਸੰਸਦ ਵਿਚ ਇਸ ’ਤੇ ਬਿਆਨ ਦੇ ਸਕਦੇ ਹਨ।