ਭਾਰਤੀ ਠੱਗ ਏਜੰਟਾਂ ''ਤੇ ਕੈਨੇਡਾ ਸਰਕਾਰ ਦੀ ਵੱਡੀ ਕਾਰਵਾਈ

07/02/2019 3:52:16 PM

ਓਟਾਵਾ (ਏਜੰਸੀ)- ਆਏ ਦਿਨ ਭਾਰਤ ਤੋਂ ਕੋਈ ਨਾ ਕੋਈ ਨੌਜਵਾਨ ਕਿਸੇ ਠੱਗ ਏਜੰਟ ਦਾ ਸ਼ਿਕਾਰ ਬਣਦਾ ਹੈ। ਅਜਿਹੇ ਠੱਗ ਏਜੰਟਾਂ ਖਿਲਾਫ ਭਾਰਤ ਸਰਕਾਰ ਵਲੋਂ ਕੀਤੀ ਜਾਂਦੀ ਕਾਰਵਾਈ ਨੂੰ ਉਹ ਟਿੱਚ ਜਾਣਦੇ ਹਨ ਅਤੇ ਧੜੱਲੇ ਨਾਲ ਮੁੜ ਆਪਣੀ ਠੱਗੀ ਦਾ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ। ਅਜਿਹੇ ਠੱਗਾਂ ਕਾਰਨ ਵਿਦੇਸ਼ਾਂ ਦੇ ਸੁਪਨੇ ਲੈਣ ਵਾਲੇ ਨੌਜਵਾਨ ਤਾਂ ਖੱਜਲ ਹੁੰਦੇ ਹੀ ਹਨ, ਸਗੋਂ ਬਾਹਰਲੀਆਂ ਸਰਕਾਰਾਂ ਨੂੰ ਵਾਧੂ ਦੀ ਟੈਨਸ਼ਨ ਝੱਲਣੀ ਪੈਂਦੀ ਹੈ, ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਵਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ। ਭਾਰਤ ਵਿਚ ਵੱਧ ਰਹੇ ਜਾਅਲੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਸਲਟੈਂਟਾਂ ਨੂੰ ਵੇਖਦੇ ਹੋਏ ਓਟਾਵਾ ਨੇ ਇਕ ਜਾਣਕਾਰੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਨਵੀ ਮੁਹਿੰਮ ਇੰਮੀਗ੍ਰੇਸ਼ਨ ਮੰਤਰੀ ਅਹਮਦ ਹੁਸੈਨ ਵਲੋਂ ਪੇਸ਼ ਕੀਤੀ, ਜਿਸਦੇ ਤਹਿਤ ਉਹ ਭਾਰਤ ਤੋਂ ਕੈਨੇਡਾ ਆਉਣ ਵਾਲੇ ਚਾਹਵਾਨ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਕੰਸਲਟੈਂਟਾਂ ਦੀ ਰਾਇ ਨਾ ਲੈਣ ਬਾਰੇ ਜਾਗਰੂਕ ਕਰਦੇ ਹਨ। ਇਹ ਮੁਹਿੰਮ ਇਮੀਗ੍ਰੇਸ਼ਨ ਵਿਭਾਗ ਦੀ ਪਹਿਲੀ ਅਜਿਹੀ ਮੀਡਿਆ ਮੁਹਿੰਮ ਹੈ, ਜਿਸਦਾ ਭੁਗਤਾਨ ਕਰਨਾ ਪਵੇਗਾ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਤੋਂ ਕੈਨੇਡਾ ਘੁੰਮਣ ਵਾਲਿਆਂ, ਪੜ੍ਹਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ, ਇਸਦੇ ਨਾਲ ਹੀ ਵੱਡੀ ਗਿਣਤੀ ਵਿੱਚ ਲੋਕ ਧੋਖੇਬਾਜ ਏਜੰਟਾਂ ਦੇ ਜਾਲ ਵਿਚ ਫੱਸ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਟਰੂਡੋ ਸਰਕਾਰ ਨੇ ਕੰਸਲਟੈਂਟਾਂ 'ਤੇ ਨਜ਼ਰ ਰੱਖਣ ਲਈ ਇਕ ਨਵੀ ਸਵੈ ਰੈਗੂਲੇਟਰੀ ਸੰਸਥਾ ਦੀ ਸਥਾਪਨਾ ਕੀਤੀ ਹੈ, ਪਾਸ ਕੀਤੇ ਗਏ ਪੰਜ ਸਾਲਾ ਬਜਟ ਵਿਚ ਇਸ ਨਵੀ ਸੰਸਥਾ ਦੀ ਯੋਜਨਾ ਤਹਿਤ ਤਕਰੀਬਨ 51.9 ਮਿਲੀਅਨ ਡਾਲਰ ਤੱਕ ਦਾ ਖਰਚਾ ਰੱਖਿਆ ਗਿਆ ਸੀ, ਜਿਸ ਵਿਚ ਕੈਨੇਡਾ ਬਾਰਡਰ ਏਜੇਂਸੀ ਦੀਆਂ ਸੇਵਾਵਾਂ ਦੇ ਖਰਚੇ ਵੀ ਸ਼ਾਮਿਲ ਹਨ। ਇਮੀਗ੍ਰੇਸ਼ਨ ਵਿਭਾਗ ਦੀ ਇਹ ਨਵੀ ਮੁਹਿੰਮ ਅੰਗਰੇਜ਼ੀ, ਫ੍ਰੈਂਚ, ਪੰਜਾਬੀ ਅਤੇ ਹਿੰਦੀ ਵਿਚ ਮੌਜੂਦ ਹੈ, ਜੋ ਕਿ ਅਖਬਾਰ, ਰੇਡੀਓ, ਫੇਸਬੁੱਕ ਅਤੇ ਗੂਗਲ ਰਾਹੀਂ ਵੇਖੀ ਜਾ ਸਕਦੀ ਹੈ ਜਾਂ ਇਸ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਸਾਲ 2018 ਵਿਚ 975,000 ਕੱਚੇ ਰੈਜ਼ੀਡੈਂਟ ਦੇ ਬਿਨੈ ਪੱਤਰ ਆਏ ਸਨ, ਜੋ ਕਿ ਸਾਲ 2017 ਦੇ ਮੁਕਾਬਲੇ 60% ਵਾਧੂ ਹਨ।
 


Sunny Mehra

Content Editor

Related News