ਫਲੋਰੀਡਾ ਦੇ ਅਧਿਆਪਕਾਂ ਨੂੰ ਕਲਾਸਾਂ ’ਚ ਹਥਿਆਰ ਰੱਖਣ ਦੀ ਮਿਲੀ ਮਨਜ਼ੂਰੀ
Thursday, May 09, 2019 - 10:28 AM (IST)

ਫਲੋਰੀਡਾ— ਅਮਰੀਕਾ ਦੇ ਸੂਬੇ ਫਲੋਰੀਡਾ ਦੇ ਰੀਪਬਲਿਕਨ ਗਵਰਨਰ ਰਾਨ ਡੇਸੈਂਟਿਜ ਨੇ ਇਕ ਨਵੇਂ ਬਿੱਲ 'ਤੇ ਦਸਤਖਤ ਕੀਤੇ ਹਨ ਜੋ ਅਧਿਆਪਕਾਂ ਨੂੰ ਸਕੂਲਾਂ ਅਤੇ ਜਮਾਤਾਂ 'ਚ ਬੰਦੂਕਾਂ ਰੱਖਣ ਦੀ ਇਜਾਜ਼ਤ ਦੇਵੇਗਾ। ਪਿਛਲੇ ਸਾਲ ਪਾਕਲੈਂਡ ਹਾਈ ਸਕੂਲ 'ਚ ਹੋਈ ਗੋਲੀਬਾਰੀ ਦੇ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਉਸ ਸਮੇਂ ਗੋਲੀਬਾਰੀ 'ਚ 17 ਲੋਕਾਂ ਦੀ ਮੌਤ ਹੋ ਗਈ ਸੀ, ਜਿਸ 'ਚ ਵਧੇਰੇ ਗਿਣਤੀ ਵਿਦਿਆਰਥੀਆਂ ਦੀ ਸੀ। ਡੇਸੈਂਟਿਜ ਨੇ ਬੁੱਧਵਾਰ ਨੂੰ ਇਸ ਬਿੱਲ 'ਤੇ ਦਸਤਖਤ ਕੀਤੇ। ਇਸ ਸਬੰਧ 'ਚ ਉਨ੍ਹਾਂ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ।
ਸ਼ਨੀਵਾਰ ਨੂੰ ਖਤਮ ਹੋਏ ਵਿਧਾਇਕਾਂ ਦੇ ਸੈਸ਼ਨ 'ਚ ਇਹ ਸਭ ਤੋਂ ਵਧ ਵਿਵਾਦਤ ਬਿੱਲਾਂ 'ਚੋਂ ਇਕ ਸੀ। ਇਸ ਬਿੱਲ 'ਤੇ ਦਸਤਖਤ ਦੇ ਨਾਲ ਹੀ ਗਾਰਡੀਅਨ ਪ੍ਰੋਗਰਾਮ ਦਾ ਵਿਸਥਾਰ ਹੋਵੇਗਾ। ਇਸ ਤਹਿਤ ਕੋਈ ਵੀ ਅਧਿਆਪਕ ਹਥਿਆਰ ਰੱਖਣ ਲਈ ਵਾਲੇਂਟੀਅਰ ਕਰ ਸਕਦਾ ਹੈ। ਹਾਲਾਂਕਿ ਇਨ੍ਹਾਂ ਅਧਿਆਪਕਾਂ ਨੂੰ ਪੁਲਸ ਵਾਂਗ ਟ੍ਰੇਨਿੰਗ ਲੈਣੀ ਪਵੇਗੀ। ਇਨ੍ਹਾਂ ਦਾ ਮਨੋਵਿਗਿਆਨਕ ਪ੍ਰੀਖਣ ਵੀ ਹੋਵੇਗਾ।