ਕੈਲੀਫੋਰਨੀਆ ਦੇ ਗਵਰਨਰ ਨੇ ਕੀਤੇ ਪੁਲਸ ਸੁਧਾਰਕ ਬਿੱਲਾਂ ਦੀ ਲੜੀ ''ਤੇ ਦਸਤਖ਼ਤ

Saturday, Oct 02, 2021 - 01:38 AM (IST)

ਕੈਲੀਫੋਰਨੀਆ ਦੇ ਗਵਰਨਰ ਨੇ ਕੀਤੇ ਪੁਲਸ ਸੁਧਾਰਕ ਬਿੱਲਾਂ ਦੀ ਲੜੀ ''ਤੇ ਦਸਤਖ਼ਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਪੁਲਸ ਦੀ ਧੱਕੇਸ਼ਾਹੀ ਰੋਕਣ ਅਤੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕਈ ਬਿੱਲਾਂ 'ਤੇ ਦਸਤਖ਼ਤ ਕਰਕੇ ਉਨ੍ਹਾਂ ਨੂੰ ਕਾਨੂੰਨ ਵਿੱਚ ਤਬਦੀਲ ਕੀਤਾ ਹੈ। ਇਹ ਬਿੱਲ ਸਟੇਟ ਨੂੰ ਦੁਰਵਿਹਾਰ ਕਰਨ ਵਾਲੇ ਅਧਿਕਾਰੀਆਂ ਦੇ ਬੈਜ ਹਟਾਉਣ, ਅਧਿਕਾਰੀਆਂ ਦੀ ਘੱਟੋ-ਘੱਟ ਉਮਰ ਨੂੰ ਵਧਾਉਣ ਅਤੇ ਪੁਲਸ ਪ੍ਰਸ਼ਾਸਨ ਵਿੱਚ ਹੋਰ ਸੁਧਾਰ ਕਰਨ ਲਈ ਕਦਮ ਚੁੱਕਣ ਦੀ ਸ਼ਕਤੀ ਦਿੰਦੇ ਹਨ। ਇਹ ਬਿੱਲ ਕਿਸੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ ਭੀੜ ਲਈ ਵਰਤੀਆਂ ਜਾਂਦੀਆਂ ਰਬੜ ਦੀਆਂ ਗੋਲੀਆਂ ਅਤੇ ਬੀਨਬੈਗ ਰਾਉਂਡ ਵਰਗੀਆਂ ਚੀਜ਼ਾਂ ਦੀ ਵਰਤੋਂ ਨੂੰ ਵੀ ਸੀਮਤ ਕਰਨਗੇ। ਗੈਵਿਨ ਨਿਊਸਮ ਨੇ ਕਿਹਾ ਕਿ ਕੁੱਝ ਸੁਧਾਰ ਲੰਮੇ ਸਮੇਂ ਤੋਂ ਬਕਾਇਆ ਸਨ ਅਤੇ 46 ਹੋਰ ਸੂਬਿਆਂ ਕੋਲ ਪਹਿਲਾਂ ਹੀ ਪੁਲਸ ਅਧਿਕਾਰੀਆਂ ਨੂੰ ਦੁਰਵਿਵਹਾਰ ਤੋਂ ਰੋਕਣ ਦੇ ਅਧਿਕਾਰ ਹਨ।

ਇਹ ਵੀ ਪੜ੍ਹੋ - ਆਈ.ਐੱਸ. ਦੇ ਟਿਕਾਣੇ 'ਤੇ ਹਮਲਾ ਕਰਨ ਦਾ ਤਾਲਿਬਾਨ ਨੇ ਕੀਤਾ ਦਾਅਵਾ

ਇਸ ਤੋਂ ਇਲਾਵਾ ਸੈਨੇਟਰ ਸਟੀਵਨ ਬ੍ਰੈਡਫੋਰਡ ਨੇ ਕਿਹਾ ਕਿ ਇਹ ਬਿੱਲ ਸਿਰਫ ਮਾੜੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਦੁਰਵਿਹਾਰ ਲਈ ਜਵਾਬਦੇਹ ਠਹਿਰਾਉਣ ਦੇ ਨਾਲ ਭਾਈਚਾਰਿਆਂ ਅਤੇ ਕਾਨੂੰਨ ਲਾਗੂ ਕਰਨ ਦੇ ਵਿਚਕਾਰ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਬਾਰੇ ਵੀ ਹਨ। ਇਨ੍ਹਾਂ ਬਿੱਲਾਂ ਤਹਿਤ ਕੈਲੀਫੋਰਨੀਆ ਦੇ ਪੁਲਸ ਵਿਭਾਗਾਂ ਲਈ ਉਨ੍ਹਾਂ ਤਕਨੀਕਾਂ ਜਾਂ ਢੰਗਾਂ  'ਤੇ ਵੀ ਪਾਬੰਦੀ ਲਗਾਈ ਜਾਵੇਗੀ ਜਿਨ੍ਹਾਂ ਵਿੱਚ ਦਮ ਘੁੱਟਣ ਦਾ ਜੋਖਮ ਹੁੰਦਾ ਹੈ, ਜੋ ਕਿ ਮਾਹਰਾਂ ਅਨੁਸਾਰ ਜਾਰਜ਼ ਫਲੋਇਡ ਦੇ ਨਾਲ ਵਾਪਰਿਆ ਸੀ। ਇਸ ਨਾਲ ਹੀ ਵੀਰਵਾਰ ਨੂੰ ਹਸਤਾਖਰ ਕੀਤੇ ਗਏ ਬਿੱਲ ਅਧਿਕਾਰੀਆਂ ਦੀ ਘੱਟੋ ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਦੇ ਹਨ ਅਤੇ ਭਰਤੀ ਲਈ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਵੀ ਮਹੱਤਵ ਦਿੰਦੇ ਹਨ। ਅਧਿਕਾਰੀਆਂ ਅਨੁਸਾਰ ਵਧੇਰੇ ਉਮਰ ਦੇ, ਪੜ੍ਹੇ-ਲਿਖੇ ਅਧਿਕਾਰੀ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਦੀ ਘੱਟ ਸੰਭਾਵਨਾ ਰੱਖਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News