ਚੀਨ 'ਚ ਦਿੱਸਿਆ 'ਗੋਲਡਨ ਝਰਨਾ', ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ
Tuesday, May 31, 2022 - 01:36 PM (IST)
ਬੀਜਿੰਗ (ਬਿਊਰੋ): ਦੁਨੀਆ ਅਜੀਬੋ-ਗਰੀਬ ਨਜ਼ਾਰਿਆਂ ਨਾਲ ਭਰੀ ਹੋਈ ਹੈ। ਕੁਦਰਤ ਦੇ ਅਦਭੁੱਤ ਰੰਗ ਦੇਖ ਕੇ ਲੋਕ ਅਕਸਰ ਹੈਰਾਨ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਨਜ਼ਾਰਾ ਚੀਨ ਵਿਚ ਡੇਟੀਅਨ ਝਰਨੇ 'ਤੇ ਦੇਖਣ ਨੂੰ ਮਿਲਿਆ। ਗੁਆਂਗਸੀ ਜ਼ੁਆਂਗ ਆਟੋਨੋਮਸ ਖੇਤਰ ਵਿੱਚ ਸਥਿਤ ਇਹ ਡੇਟੀਅਨ ਝਰਨਾ ਇੱਕ ਦੁਰਲੱਭ ਦ੍ਰਿਸ਼ ਵਿੱਚ ਬਦਲ ਗਿਆ। ਦਰਅਸਲ ਇਸ ਡੇਟੀਅਨ ਝਰਨੇ ਦੇ ਅੰਦਰ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਸੀ। ਜਦੋਂ ਸੂਰਜ ਦੀਆਂ ਤੇਜ਼ ਕਿਰਨਾਂ ਇਸ ਝਰਨੇ 'ਤੇ ਪਈਆਂ ਤਾਂ ਇਹ ਬਿਲਕੁਲ ਸੁਨਹਿਰੀ ਰੰਗ ਦਾ ਦਿਖਾਈ ਦੇਣ ਲੱਗਾ। ਉੱਥੇ ਮੌਜੂਦ ਲੋਕ ਡੇਟੀਅਨ ਵਾਟਰਫਾਲ ਦੇ ਇਸ ਬਦਲੇ ਹੋਏ ਰੰਗ ਨੂੰ ਦੇਖ ਕੇ ਹੈਰਾਨ ਰਹਿ ਗਏ, ਜੋ ਕਿ ਆਪਣੇ ਆਪ 'ਚ ਬਹੁਤ ਹੀ ਦੁਰਲੱਭ ਹੈ।
ਏਸ਼ੀਆ ਦਾ ਸਭ ਤੋਂ ਵੱਡਾ ਝਰਨਾ ਹੈ ਡੇਟੀਅਨ
ਚੀਨ ਦੇ ਡੇਟੀਅਨ ਫਾਲਜ਼ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਝਰਨਾ ਮੰਨਿਆ ਜਾਂਦਾ ਹੈ। ਇਹ ਝਰਨਾ ਚੀਨ ਤੋਂ ਲੈ ਕੇ ਵੀਅਤਨਾਮ ਤੱਕ ਫੈਲਿਆ ਹੋਇਆ ਹੈ। ਇਸ ਦੇ ਚਾਰੇ ਪਾਸੇ ਕਈ ਮਸ਼ਹੂਰ ਚੋਟੀਆਂ ਹਨ, ਜਿਸ ਵਿਚ ਚੀਨ ਦੀ ਗੁਇਲਿਨ ਫਾਂਗੰਗਾ ਖਾੜੀ ਅਤੇ ਹਾਲੌਂਗ ਬੇ ਸ਼ਾਮਲ ਹੈ। ਇਹੀ ਕਾਰਨ ਹੈ ਕਿ ਇਸ ਝਰਨੇ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਝਰਨੇ 'ਚ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ਵ ਵਿੱਚ ਚੌਥੇ ਸਥਾਨ 'ਤੇ ਹੈ। ਫੋਟੋਗ੍ਰਾਫੀ ਲਈ ਇਸ ਨੂੰ ਸਵਰਗ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਦੀਆਂ ਗੋਲਡ ਵਰਗੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੋ ਹਿੱਸਿਆਂ 'ਚ ਵੰਡਿਆ ਡੇਟੀਅਨ ਝਰਨਾ
ਡੇਟੀਅਨ ਵਾਟਰਫਾਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਸ ਦੇ ਮੁੱਖ ਝਰਨੇ ਨੂੰ ਡੇਟੀਅਨ ਕਿਹਾ ਜਾਂਦਾ ਹੈ ਜੋ ਚੀਨ ਦੇ ਪਾਸੇ ਹੈ। ਇਹ Guichun ਨਦੀ 'ਤੇ ਸਥਿਤ ਹੈ। ਇਸ ਦਾ ਇੱਕ ਦੂਸਰਾ ਹਿੱਸਾ ਵੀ ਹੈ, ਜੋ ਵੀਅਤਨਾਮ ਵਿੱਚ ਡਿੱਗਣ ਵਾਲੀ ਨਦੀ ਦੇ ਕਿਨਾਰੇ ਪੈਂਦਾ ਹੈ। ਇਹ ਵੀਅਤਨਾਮ ਦੀ ਰਾਜਧਾਨੀ ਹਨੋਈ ਤੋਂ ਲਗਭਗ 270 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹਜ਼ਾਰਾਂ ਸਾਲਾਂ ਤੋਂ ਵਹਿਣ ਕਾਰਨ ਇਸ ਝਰਨੇ ਦੇ ਪੱਥਰ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ।
98 ਫੁੱਟ ਦੀ ਉਚਾਈ ਤੋਂ ਡਿੱਗਦਾ ਹੈ ਪਾਣੀ
ਡੇਟੀਅਨ ਫਾਲਜ਼ ਵਿੱਚ ਪਾਣੀ 98 ਫੁੱਟ ਦੀ ਉਚਾਈ ਤੋਂ ਡਿੱਗਦਾ ਹੈ। ਪਾਣੀ ਦੇ ਡਿੱਗਣ ਦੀ ਆਵਾਜ਼ ਦੂਰੋਂ ਸੁਣੀ ਜਾ ਸਕਦੀ ਹੈ। ਇਹ ਝਰਨਾ ਚੂਨੇ ਦੇ ਪੱਥਰ 'ਤੇ ਬਣਿਆ ਹੋਇਆ ਹੈ ਜੋ ਹੁਣ ਬਹੁਤ ਜ਼ਿਆਦਾ ਘਿਸ ਚੁੱਕਾ ਹੈ। ਇਸ ਝਰਨੇ ਵਿੱਚ ਕਈ ਥਾਵਾਂ ਤੋਂ ਪਾਣੀ ਡਿੱਗਦਾ ਹੈ। ਬਰਸਾਤ ਦੇ ਮੌਸਮ ਵਿੱਚ ਇਸ ਝਰਨੇ ਦਾ ਵਹਾਅ ਵੱਧ ਤੋਂ ਵੱਧ ਹੁੰਦਾ ਹੈ। ਇਸ ਝਰਨੇ ਦੇ ਨੇੜੇ ਇੱਕ ਸੜਕ ਹੈ ਜੋ ਚੀਨ-ਵੀਅਤਨਾਮ ਦੀ ਸਰਹੱਦ ਨੂੰ ਵੱਖ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- World No Tobacco day: ਆਸਟ੍ਰੇਲੀਆਈ ਰਾਜ ਨੇ ਸਿਗਰਟਨੋਸ਼ੀ 'ਚ ਗਿਰਾਵਟ ਕੀਤੀ ਦਰਜ
ਚੀਨ-ਵੀਅਤਨਾਮ ਵਿਚ ਸਰਹੱਦ ਨੂੰ ਲੈ ਕੇ ਵਿਵਾਦ
ਚੀਨ ਅਤੇ ਵੀਅਤਨਾਮ ਵਿੱਚ ਇਸ ਝਰਨੇ ਦੀ ਸੀਮਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਕ ਪੱਖ ਦਾ ਦਾਅਵਾ ਹੈ ਕਿ ਇਹ ਸਾਰਾ ਝਰਨਾ ਵੀਅਤਨਾਮ ਦਾ ਹੈ, ਜਦਕਿ ਦੂਜੇ ਪੱਖ ਦਾ ਕਹਿਣਾ ਹੈ ਕਿ 1979 ਵਿਚ ਚੀਨ-ਵੀਅਤਨਾਮ ਯੁੱਧ ਦੌਰਾਨ ਸਰਹੱਦੀ ਪੱਥਰ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਗਿਆ ਸੀ। ਸਰਹੱਦੀ ਵਿਵਾਦ ਤੋਂ ਇਲਾਵਾ ਇਹ ਝਰਨਾ ਆਸ-ਪਾਸ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਰਿਹਾ ਹੈ।