ਗਲਾਸਗੋ ਸਣੇ ਲੈਵਲ-3 ਤਾਲਾਬੰਦੀ ਖੇਤਰਾਂ ਦੇ ਵਿਦਿਆਰਥੀਆਂ ਲਈ ਮਾਸਕ ਲਾਉਣਾ ਜ਼ਰੂਰੀ
Saturday, Oct 31, 2020 - 07:59 AM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਫੈਲਣ ਕਰਕੇ ਸਕਾਟਲੈਂਡ ਸਰਕਾਰ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਸੋਮਵਾਰ ਤੋਂ ਮਾਸਕ ਨਾਲ ਮੂੰਹ ਢਕਣਾ ਜ਼ਰੂਰੀ ਕਰ ਦਿੱਤਾ ਹੈ।
ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਨਿਯਮਾਂ ਤਹਿਤ ਗਲਾਸਗੋ ਵਿਚ ਕਲਾਸ ਦੌਰਾਨ ਚਿਹਰੇ 'ਤੇ ਮਾਸਕ ਪਾਉਣ ਦੀ ਜ਼ਰੂਰਤ ਹੋਵੇਗੀ। ਨਵੇਂ ਨਿਯਮਾਂ ਅਨੁਸਾਰ ਐੱਸ 4 ਅਤੇ ਐੱਸ 6 ਵਿਚਲੇ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਕਲਾਸ ਵਿਚ ਚਿਹਰਾ ਢਕਣ ਦੇ ਨਾਲ ਨਾਲ ਸਕੂਲ ਦੇ ਆਲੇ-ਦੁਆਲੇ ਘੁੰਮਣ ਵੇਲੇ, ਉਨ੍ਹਾਂ ਖੇਤਰਾਂ ਵਿਚ ਜੋ ਲੈਵਲ-3 ਵਿਚ ਹਨ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਗੇ। ਸਕਾਟਿਸ਼ ਸਰਕਾਰ ਅਨੁਸਾਰ ਬੱਚਿਆਂ ਦੇ ਮਾਪੇ ਜਾਂ ਕੋਈ ਹੋਰ ਜੋ ਕਿਸੇ ਵੀ ਸਕੂਲ ਦੀ ਸਾਈਟ (ਭਾਵੇਂ ਇਮਾਰਤ) ਵਿਚ ਦਾਖਲ ਹੁੰਦੇ ਹਨ, ਵੀ ਮਾਸਕ ਲਗਾ ਕੇ ਆਉਣਗੇ।
ਇਹ ਨਿਯਮ ਡਰਾਪ-ਆਫ ਅਤੇ ਪਿਕ-ਅਪ ਕਰਨ ਵਾਲੇ ਮਾਤਾ-ਪਿਤਾ 'ਤੇ ਵੀ ਲਾਗੂ ਹੁੰਦੇ ਹਨ। ਮੰਤਰੀ ਜੌਨ ਸਵਿੰਨੇ ਨੇ ਕਿਹਾ ਕਿ ਸਕੂਲ ਖੁੱਲ੍ਹੇ ਰੱਖਣਾ ਸਾਡੀ ਪਹਿਲ ਹੈ ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਸਕੂਲ ਸੁਰੱਖਿਅਤ ਹੋਣਗੇ। ਸੋਮਵਾਰ ਤੋਂ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਉਪਾਅ ਸਕੂਲਾਂ ਵਿਚ ਸਖ਼ਤੀ ਨਾਲ ਪਾਲਣ ਕੀਤੇ ਜਾਣ। ਜਿਸ ਨਾਲ ਇਹ ਸੁਨਿਸ਼ਚਿਤ ਕਰਨ ਵਿਚ ਸਹਾਇਤਾ ਮਿਲੇਗੀ ਕਿ ਸਕੂਲ ਸੁਰੱਖਿਅਤ ਢੰਗ ਨਾਲ ਖੁੱਲ੍ਹੇ ਰਹਿ ਸਕਦੇ ਹਨ।