ਗਲਾਸਗੋ ਤਾਲਾਬੰਦੀ ਦੇ ਟੀਅਰ ਤਿੰਨ ਪੱਧਰ 'ਚ ਹੋਵੇਗਾ ਤਬਦੀਲ: ਨਿਕੋਲਾ ਸਟਰਜਨ
Wednesday, Dec 09, 2020 - 05:10 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਾਇਰਸ ਦੀ ਲਾਗ ਤਹਿਤ ਤਾਲਾਬੰਦੀ ਦੀ ਟੀਅਰ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ,ਜਿਸਦੇ ਕਾਰਨ ਅਲੱਗ ਪੱਧਰ ਦੇ ਖੇਤਰਾਂ ਵਿੱਚ ਵੱਖਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਗਲਾਸਗੋ ਨੂੰ ਤਕਰੀਬਨ 10 ਹੋਰ ਕੌਸਲਾਂ ਸਮੇਤ ਟੀਅਰ 4 ਦੀਆਂ ਸਖਤ ਪਾਬੰਦੀਆਂ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਸੰਬੰਧੀ ਹੁਣ ਨਿਕੋਲਾ ਸਟਰਜਨ ਨੇ ਗਲਾਸਗੋ ਨੂੰ ਇੱਕ ਪੱਧਰ ਘਟਾ ਕੇ ਤਾਲਾਬੰਦੀ ਦੇ ਟੀਅਰ 3 ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ।
ਇਹ ਸ਼ਹਿਰ 10 ਹੋਰ ਇਲਾਕਿਆਂ ਨਾਲ, ਸ਼ੁੱਕਰਵਾਰ ਸ਼ਾਮ ਨੂੰ ਪੱਧਰ 4 ਦੀਆਂ ਪਾਬੰਦੀਆਂ ਤੋਂ ਬਾਹਰ ਆ ਜਾਵੇਗਾ। ਇਸ ਕਾਰਵਾਈ ਨਾਲ ਕ੍ਰਿਸਮਸ ਤੋਂ ਪਹਿਲਾਂ ਗੈਰ-ਜ਼ਰੂਰੀ ਦੁਕਾਨਾਂ ਦੁਬਾਰਾ ਖੁੱਲ੍ਹ ਸਕਦੀਆਂ ਹਨ ਅਤੇ ਪ੍ਰਾਹੁਣਚਾਰੀ ਦੇ ਕਾਰੋਬਾਰ ਸ਼ਾਮ ਨੂੰ 6 ਵਜੇ ਤੱਕ ਦੁਬਾਰਾ ਭੋਜਨ ਲਈ ਖੁੱਲ੍ਹਣਗੇ ਪਰ ਸ਼ਰਾਬ ਦੀ ਸੇਵਾ ਨਹੀਂ ਕਰ ਸਕਣਗੇ।
ਪਹਿਲੀ ਮੰਤਰੀ ਅਨੁਸਾਰ ਇਹ ਤਬਦੀਲੀ ਪਾਬੰਦੀਆਂ ਦੇ 20 ਨਵੰਬਰ ਨੂੰ ਲਾਗੂ ਕੀਤੇ ਜਾਣ ਦੇ ਤਿੰਨ ਹਫਤੇ ਬਾਅਦ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲਾਗੂ ਹੋਵੇਗੀ ਜਿਸ ਦੇ ਅਨੁਸਾਰ ਸਾਰੇ 11 ਸਥਾਨਕ ਖੇਤਰ ਸ਼ੁੱਕਰਵਾਰ ਨੂੰ ਲੈਵਲ ਚਾਰ ਤੋਂ ਤਿੰਨ ਵਿੱਚ ਚਲੇ ਜਾਣਗੇ। ਇਸ ਦੌਰਾਨ ਤਾਲਾਬੰਦੀ ਪੱਧਰ ਤਿੰਨ ਵਿੱਚ ਜਾਣ ਦੇ ਬਾਵਜੂਦ ਵੀ ਕੁੱਝ ਨਿਯਮ ਲਾਗੂ ਕੀਤੇ ਜਾਣਗੇ ਜਿਵੇਂ ਕਿ ਘਰ ਦੇ ਅੰਦਰ ਇਕੱਠ ਕਰਨ ਦੀ ਮਨਾਹੀ ਹੋਵੇਗੀ ਅਤੇ ਬਾਹਰ ਕਿਸੇ ਸਥਾਨ ਤੇ ਦੋ ਘਰਾਂ 'ਚੋਂ ਸਿਰਫ 6 ਲੋਕ ਹੀ ਮਿਲਣ ਦੇ ਯੋਗ ਹੋਣਗੇ ਜਦਕਿ ਸਕਾਟਲੈਂਡ ਦੇ ਪੱਧਰ 3 ਜਾਂ 4 ਖੇਤਰਾਂ ਤੋਂ ਅਤੇ ਯੂ. ਕੇ. ਦੇ ਬਾਕੀ ਹਿੱਸਿਆਂ ਵਿਚ ਸਿਰਫ ਜ਼ਰੂਰੀ ਯਾਤਰਾ ਹੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਅਜੇ ਵੀ ਸਟੇਡੀਅਮਾਂ ਜਾਂ ਸਮਾਗਮਾਂ ਵਿੱਚ ਦਰਸ਼ਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਕਾਟਲੈਂਡ ਦੇ ਵਾਇਰਸ ਦੇ ਨਵੇਂ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੇ 692 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਹਸਪਤਾਲਾਂ ਵਿਚ 983 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ 57 ਆਈ. ਸੀ. ਯੂ. ਵਿਚ ਹਨ।