ਗਲਾਸਗੋ: ਕੋਪ 26 ਦੇ ਮੱਦੇਨਜ਼ਰ ਸੈਂਕੜੇ ਪੁਲਸ ਸਰਵਿਸ ਕੁੱਤਿਆਂ ਨੂੰ ਦਿੱਤੀ ਜਾ ਰਹੀ ਸਿਖਲਾਈ
Thursday, Sep 23, 2021 - 04:57 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਇਸ ਸਾਲ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਜ਼ਿਆਦਾ ਮਜ਼ਬੂਤ ਬਨਾਉਣ ਲਈ ਲਗਭਗ 200 ਪੁਲਸ ਸਰਵਿਸ ਕੁੱਤਿਆਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ, ਜਿਸ ਲਈ ਇਹਨਾਂ ਨੂੰ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸੰਮੇਲਨ ਦੌਰਾਨ ਆਮ ਮਕਸਦ ਲਈ ਅਤੇ ਮਾਹਰ ਕੁੱਤੇ ਵੱਖ-ਵੱਖ ਡਿਊਟੀਆਂ ਵਿੱਚ ਹਿੱਸਾ ਲੈਣਗੇ। ਕੁਝ ਪੁਲਸ ਕੁੱਤਿਆਂ ਦੀ ਤਾਇਨਾਤੀ ਕੋਪ 26 ਨਾਲ ਜੁੜੇ ਮੁੱਖ ਸਥਾਨਾਂ ਅਤੇ ਸਾਈਟਾਂ ਨੂੰ ਸੀਲ ਅਤੇ ਸੁਰੱਖਿਅਤ ਕਰਨ ਵਿੱਚ ਸਹਾਇਤਾ ਦੇ ਨਾਲ-ਨਾਲ ਵਾਹਨਾਂ ਦੀ ਤਲਾਸ਼ੀ ਵਿੱਚ ਸਹਾਇਤਾ ਲਈ ਕੀਤੀ ਜਾਵੇਗੀ।
ਸਕਾਟਲੈਂਡ ਪੁਲਸ ਅਨੁਸਾਰ ਮੁੱਖ ਤੌਰ 'ਤੇ ਤਿੰਨ ਕਿਸਮ ਦੇ ਪੁਲਸ ਕੁੱਤੇ ਆਪਣੀਆਂ ਸੇਵਾਵਾਂ ਦੇਣਗੇ, ਜਿਹਨਾਂ ਵਿੱਚ ਭੀੜ ਕੰਟਰੋਲ ਲਈ ਆਮ ਉਦੇਸ਼ ਵਾਲੇ ਕੁੱਤੇ, ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਕੁੱਤੇ ਅਤੇ ਅਪਰਾਧਿਕ ਗਤੀਵਿਧੀਆਂ ਦੇ ਸਬੰਧ ਵਿੱਚ ਸ਼ੱਕੀ ਵਿਅਕਤੀਆਂ ਨੂੰ ਫੜਨ ਵਾਲੇ ਖੋਜੀ ਕੁੱਤੇ ਸ਼ਾਮਲ ਹਨ।ਸਪੈਸ਼ਲਿਸਟ ਕੁੱਤਿਆਂ ਦੀ ਵਰਤੋਂ ਨਸ਼ੇ, ਪੈਸਾ, ਬੰਦੂਕਾਂ ਅਤੇ ਗੋਲਾ ਬਾਰੂਦ ਦੀ ਖੋਜ ਲਈ ਵੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਟੀਕਾ ਲਗਵਾਉਣ 'ਤੇ ਹੀ ਮਿਲੇਗਾ ਕੰਮ, ਸਖ਼ਤੀ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ (ਤਸਵੀਰਾਂ)
ਸਕਾਟਲੈਂਡ ਪੁਲਿਸ ਅਨੁਸਾਰ ਪੁਲਸ ਸਰਵਿਸ ਕੁੱਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਲਈ ਮਹੱਤਵਪੂਰਨ ਸਰੋਤ ਪ੍ਰਦਾਨ ਕਰਨਗੇ। ਦੱਸਣਯੋਗ ਹੈ ਕਿ ਕੋਪ 26, ਜਿਸ ਨੂੰ 2015 ਵਿੱਚ ਪੈਰਿਸ ਸਮਝੌਤੇ ਤੋਂ ਬਾਅਦ ਜਲਵਾਯੂ ਤਬਦੀਲੀ ਬਾਰੇ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਮੀਟਿੰਗ ਦੱਸਿਆ ਗਿਆ ਹੈ, 31 ਅਕਤੂਬਰ ਤੋਂ 12 ਨਵੰਬਰ ਤੱਕ ਗਲਾਸਗੋ ਦੇ ਸਕਾਟਿਸ਼ ਇਵੈਂਟ ਕੈਂਪਸ ਵਿੱਚ ਹੋਣ ਵਾਲੀ ਹੈ।