ਅਮਰੀਕਾ : ਕੰਧ ਨੂੰ ਚੀਰਦੀ ਹੋਈ ਆਈ ਗੋਲੀ, ਘਰ ''ਚ ਪੜ੍ਹ ਰਹੀ ਬੱਚੀ ਦੇ ਸਿਰ ''ਚ ਵੱਜੀ

10/24/2020 11:14:12 AM

ਸ਼ਿਕਾਗੋ- ਅਮਰੀਕਾ ਦੇ ਉੱਤਰੀ-ਪੂਰਬੀ ਇੰਡੀਆਨਾ ਵਿਚ ਰਹਿਣ ਵਾਲੇ ਇਕ ਪਰਿਵਾਰ ਦੀ 8 ਸਾਲਾ ਬੱਚੀ ਘਰ ਵਿਚ ਪੜ੍ਹਾਈ ਕਰ ਰਹੀ ਸੀ ਕਿ ਅਚਾਨਕ ਇਕ ਗੋਲੀ ਉਸ ਦੇ ਘਰ ਦੀ ਕੰਧ ਨੂੰ ਚੀਰਦੀ ਹੋਈ ਉਸ ਦੇ ਸਿਰ ਵਿਚ ਲੱਗ ਗਈ। ਇਸ ਦੇ ਬਾਅਦ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਦੀ ਤਾਜ਼ਾ ਹਾਲਤ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਕੋਈ ਵਿਅਕਤੀ ਘਰ ਦੇ ਬਾਹਰ ਗੋਲੀਆਂ ਚਲਾ ਰਿਹਾ ਸੀ ਤੇ ਇਹ ਗੋਲੀ ਕੰਧ ਨੂੰ ਚੀਰਦੀ ਹੋਈ ਘਰ ਵਿਚ ਆਈ ਤੇ ਬੱਚੀ ਦੇ ਸਿਰ ਵਿਚ ਲੱਗੀ। ਪੁਲਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਸਭ ਅਚਾਨਕ ਹੋਇਆ ਹੋਵੇਗਾ। 

ਈਸਟ ਸ਼ਿਕਾਗੋ ਪੁਲਸ ਮੁਤਾਬਕ ਬੱਚੀ ਮੈਗੋਆਨ ਅਵੈਨਿਊ ਵਿਚ ਆਪਣੇ ਘਰ ਵਿਚ ਬੈਠੀ ਪੜ੍ਹ ਰਹੀ ਸੀ ਤੇ ਰਾਤ 10 ਕੁ ਵਜੇ ਉਸ ਦੇ ਸਿਰ ਵਿਚ ਗੋਲੀ ਲੱਗੀ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੇ ਆਟੋਮੈਟਿਕ ਹਥਿਆਰ ਨਾਲ ਉਸ ਬੱਚੀ ਦੇ ਘਰ ਦੇ ਬਾਹਰ 16 ਰਾਊਂਡ ਫਾਇਰ ਕੀਤੇ ਤੇ ਇਕ ਗੋਲੀ ਬੱਚੀ ਦੇ ਲੱਗ ਗਈ। ਅਜੇ ਤੱਕ ਹਮਲਾਵਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਇਸ ਅਜੀਬ ਮਾਮਲੇ ਨਾਲ ਲੋਕਾਂ ਵਿਚ ਦਹਿਸ਼ਤ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਕੋਈ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹੈ। 


Lalita Mam

Content Editor

Related News