ਹੁਣ ਬਰਡ ਫਲੂ ਦੀ ਲਪੇਟ ’ਚ ਜਰਮਨੀ; 5 ਲੱਖ ਮੁਰਗੀਆਂ, ਬੱਤਖਾਂ ਤੇ ਹੰਸਾਂ ਦੀ ਮੌਤ

Wednesday, Oct 29, 2025 - 03:37 AM (IST)

ਹੁਣ ਬਰਡ ਫਲੂ ਦੀ ਲਪੇਟ ’ਚ ਜਰਮਨੀ; 5 ਲੱਖ ਮੁਰਗੀਆਂ, ਬੱਤਖਾਂ ਤੇ ਹੰਸਾਂ ਦੀ ਮੌਤ

ਇੰਟਰਨੈਸ਼ਨਲ ਡੈਸਕ – ਜਰਮਨੀ ਇਸ ਸਮੇਂ ਬਰਡ ਫਲੂ ਦੀ ਲਪੇਟ ਵਿਚ ਹੈ। ਇਕ ਰਿਪੋਰਟ ਦੇ ਅਨੁਸਾਰ ਇਸ ਲਾਗ ਕਾਰਨ ਸਤੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ 5 ਲੱਖ ਤੋਂ ਵੱਧ ਮੁਰਗੀਆਂ, ਬੱਤਖਾਂ, ਹੰਸ ਅਤੇ ਟਰਕੀ ਮਾਰੇ ਜਾ ਚੁੱਕੇ ਹਨ। ਇਹ ਲਾਗ ਐੱਚ.-5-ਐੱਨ.-1 ਨਾਂ ਦੇ ਇਕ ਛੂਤ ਵਾਲੇ ਵਾਇਰਸ ਕਾਰਨ ਹੁੰਦੀ ਹੈ, ਜਿਸ ਨੂੰ ਵਿਗਿਆਨਕ ਤੌਰ ’ਤੇ ਹਾਈਲੀ ਪੈਥੋਜੇਨਿਕ ਏਵੀਅਨ ਇਨਫਲੂਐਂਜ਼ਾ ਵਾਇਰਸ (ਐੱਚ. ਪੀ. ਏ. ਆਈ. ਵੀ.) ਕਿਹਾ ਜਾਂਦਾ ਹੈ।

30 ਪੋਲਟਰੀ ਫਾਰਮਾਂ ’ਚ ਬਰਡ ਫਲੂ
ਜਰਮਨੀ ਦੀ ਅਧਿਕਾਰਤ ਜਾਨਵਰਾਂ ਦੀ ਬਿਮਾਰੀ ਨਿਗਰਾਨੀ ਕਰਨ ਵਾਲੀ ਏਜੰਸੀ ਫ੍ਰੈਡਰਿਕ ਲੋਇਫਲਰ ਇੰਸਟੀਚਿਊਟ ਦੇ ਅਨੁਸਾਰ ਹੁਣ ਤੱਕ ਦੇਸ਼ ਦੇ 30 ਪੋਲਟਰੀ ਫਾਰਮਾਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜੰਗਲੀ ਪੰਛੀਆਂ ਵਿਚ 73 ਮਾਮਲੇ ਪਾਏ ਗਏ ਹਨ। ਸੰਸਥਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਇਹ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਇਸ ਸਮੇਂ 23 ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਬਰਡ ਫਲੂ ਦਾ ਪ੍ਰਕੋਪ ਆਮ ਤੌਰ ’ਤੇ ਨਵੰਬਰ ਦੇ ਆਸਪਾਸ ਸ਼ੁਰੂ ਹੁੰਦਾ ਹੈ, ਜਦੋਂ ਪ੍ਰਵਾਸੀ ਪੰਛੀਆਂ ਦੀ ਆਮਦ ਸਿਖਰ ’ਤੇ ਹੁੰਦੀ ਹੈ ਪਰ ਇਸ ਵਾਰ ਇਹ ਲਾਗ ਸਤੰਬਰ ਦੇ ਸ਼ੁਰੂ ਵਿਚ ਹੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਮਾਹਿਰਾਂ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਜਰਮਨੀ ਦੇ ਉੱਤਰੀ ਅਤੇ ਪੂਰਬੀ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹਨ।

ਵਾਇਰਸ ਦਾ ਅਸਰ ਜੰਗਲੀ ਪੰਛੀਆਂ ’ਤੇ ਜ਼ਿਆਦਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਵੇਲੇ ਲੋਅਰ ਸੈਕਸਨੀ ਵਿਚ 20, ਥੁਰਿੰਗੀਆ ’ਚ 19, ਬ੍ਰਾਂਡੇਨਬਰਗ ’ਚ 19 ਅਤੇ ਮੈਕਲੇਨਬਰਗ-ਵੈਸਟ ਪੋਮੇਰੇਨੀਆ ’ਚ 14 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਬਾਵੇਰੀਆ ’ਚ 8 ਅਤੇ ਉੱਤਰੀ ਰਾਈਨ-ਵੈਸਟਫੇਲੀਆ ’ਚ 5 ਮਾਮਲੇ ਸਾਹਮਣੇ ਆਏ ਹਨ। ਦੱਖਣ-ਪੱਛਮੀ ਸੂਬੇ ਰਾਈਨਲੈਂਡ-ਪੈਲੇਟਿਨੇਟ ’ਚ ਵੀ ਰੋਜ਼ਾਨਾ ਨਵੇਂ ਸ਼ੱਕੀ ਮਾਮਲਿਆਂ ਦੀ ਰਿਪੋਰਟ ਮਿਲ ਰਹੀ ਹੈ।

ਸਥਾਨਕ ਅਧਿਕਾਰੀਆਂ ਨੇ ਸਥਿਤੀ ਨੂੰ ਅਸਾਧਾਰਨ ਤੌਰ ’ਤੇ ਖਤਰਨਾਕ ਦੱਸਿਆ ਹੈ। ਵਾਇਰਸ ਨੇ ਜੰਗਲੀ ਪੰਛੀਆਂ, ਖਾਸ ਕਰ ਕੇ ਕ੍ਰੇਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉੱਤਰੀ ਬ੍ਰਾਂਡੇਨਬਰਗ ਇਲਾਕੇ ਵਿਚ ਹਜ਼ਾਰਾਂ ਇਨਫੈਕਟਿਡ ਅਤੇ ਮਰੇ ਹੋਏ ਕ੍ਰੇਨ ਖੇਤਾਂ ’ਚ ਪਏ ਮਿਲੇ ਹਨ। ਐਮਰਜੈਂਸੀ ਸੇਵਾਵਾਂ ਨੂੰ ਉਨ੍ਹਾਂ ਨੂੰ ਇਕੱਠਾ ਕਰਨ ਅਤੇ ਨਸ਼ਟ ਕਰਨ ’ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਰਦੀਆਂ ਵਿਚ ਦੱਖਣ ਵੱਲ ਉਡਣ ਵਾਲੇ ਪ੍ਰਵਾਸੀ ਪੰਛੀ ਲਾਗ ਫੈਲਾਉਣ ਵਿਚ ਮੁੱਖ ਭੂਮਿਕਾ ਨਿਭਾਅ ਸਕਦੇ ਹਨ।
 


author

Inder Prajapati

Content Editor

Related News