ਸੀਰੀਆ ''ਚ ਫੜਿਆ ਗਿਆ 9/11 ਹਮਲੇ ਦਾ ਜਰਮਨ ਜਿਹਾਦੀ : ਕੁਰਦ ਕਮਾਂਡਰ
Thursday, Apr 19, 2018 - 10:58 AM (IST)

ਦਮਿਸ਼ਕ (ਭਾਸ਼ਾ)— ਇਕ ਸੀਨੀਅਰ ਕੁਰਦ ਕਮਾਂਡਰ ਨੇ ਦੱਸਿਆ ਕਿ ਸੀਰੀਆ ਵਿਚ ਕੁਰਦ ਬਲਾਂ ਨੇ 9/11 ਹਮਲੇ ਦੀ ਸਾਜਸ਼ ਕਰਨ ਵਿਚ ਮਦਦ ਦੇ ਦੋਸ਼ੀ ਸੀਰੀਆਈ ਮੂਲ ਦੇ ਜਰਮਨ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ,''ਸੀਰੀਆ ਵਿਚ ਜਨਮੇ ਮੁਹੰਮਦ ਹੈਦਰ ਜੱਮਾਰ ਨੂੰ ਕੁਰਦ ਸੁਰੱਖਿਆ ਬਲਾਂ ਨੇ
ਉੱਤਰੀ ਸੀਰੀਆ ਵਿਚ ਗ੍ਰਿਫਤਾਰ ਕੀਤਾ ਅਤੇ ਹੁਣ ਉਸ ਤੋਂ ਪੁੱਛਗਿੱਛ ਜਾਰੀ ਹੈ।'' ਅਧਿਕਾਰੀ ਨੇ ਹਾਲਾਂਕਿ ਇਸ ਸੰਬੰਧ ਵਿਚ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। 50 ਸਾਲਾ ਜੱਮਾਰ 'ਤੇ ਦੋਸ਼ ਹੈ ਕਿ ਉਸ ਨੇ ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਵਿਚ ਵਰਤੇ ਗਏ ਜਹਾਜ਼ ਨੂੰ ਅਗਵਾ ਕਰਨ ਵਿਚ ਕੁਝ ਅਗਵਾ ਕਰਤਾਵਾਂ ਦੀ ਮਦਦ ਲਈ ਸੀ। ਸੀ. ਆਈ. ਏ. ਏਜੰਟਾਂ ਦੀ ਸ਼ਮੂਲੀਅਤ ਵਾਲੀ ਇਕ ਮੁਹਿੰਮ ਦੇ ਤਹਿਤ ਦਸੰਬਰ 2001 ਵਿਚ ਉਸ ਨੂੰ ਮੋਰੱਕੋ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਦੋ ਹਫਤੇ ਬਾਅਦ ਹੀ ਉਸ ਨੂੰ ਸੀਰੀਆਈ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਮੁਸਲਿਮ ਬ੍ਰਦਰਹੁੱਡ ਨਾਲ ਸੰਬੰਧਿਤ ਰਹਿਣ ਦੇ ਦੋਸ਼ ਵਿਚ ਸਾਲ 2007 ਵਿਚ ਸੀਰੀਆ ਦੀ ਅਦਾਲਤ ਨੇ ਜੱਮਾਰ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ 4 ਸਾਲ ਬਾਅਦ ਸੀਰੀਆ ਵਿਚ ਸੰਘਰਸ਼ ਸ਼ੁਰੂ ਹੋ ਜਾਣ ਮਗਰੋਂ ਕਈ ਕੱਟੜ ਇਸਲਾਮੀ ਕੈਦੀਆਂ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ।