ਜਰਮਨੀ ਦੀ ਅਦਾਲਤ ਨੇ IS ਦੇ ਸਾਬਕਾ ਮੈਂਬਰ ਨੂੰ ਯਜ਼ੀਦੀ ਕੁੜੀ ਦੀ ਮੌਤ ਲਈ ਠਹਿਰਾਇਆ ਦੋਸ਼ੀ
Tuesday, Nov 30, 2021 - 06:26 PM (IST)
ਬਰਲਿਨ (ਭਾਸ਼ਾ): ਜਰਮਨੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਇਸਲਾਮਿਕ ਸਟੇਟ ਸਮੂਹ ਦੇ ਇਕ ਸਾਬਕਾ ਮੈਂਬਰ ਨੂੰ ਪੰਜ ਸਾਲਾ ਯਜ਼ੀਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਨਸਲਕੁਸ਼ੀ ਅਤੇ ਜੰਗੀ ਅਪਰਾਧਾਂ ਦਾ ਦੋਸ਼ੀ ਠਹਿਰਾਇਆ। ਉਸ ਵਿਅਕਤੀ ਨੇ ਪੰਜ ਸਾਲ ਦੀ ਬੱਚੀ ਨੂੰ ਗੁਲਾਮ ਦੇ ਤੌਰ 'ਤੇ ਖਰੀਦਿਆ ਸੀ ਅਤੇ ਸਜ਼ਾ ਵਜੋਂ ਉਸ ਨੂੰ ਤੇਜ਼ ਧੁੱਪ ਵਿੱਚ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਫ੍ਰੈਂਕਫਰਟ ਦੀ ਖੇਤਰੀ ਅਦਾਲਤ ਨੇ ਇਰਾਕੀ ਨਾਗਰਿਕ ਤਾਹਾ ਅਲ-ਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਬੱਚੇ ਦੀ ਮਾਂ ਨੂੰ 50,000 ਯੂਰੋ (57,000 ਅਮਰੀਕੀ ਡਾਲਰ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ।
ਗੋਪਨੀਯਤਾ ਨਿਯਮਾਂ ਕਾਰਨ ਦੋਸ਼ੀ ਦਾ ਉਪਨਾਮ ਜਨਤਕ ਨਹੀਂ ਕੀਤਾ ਗਿਆ ਹੈ। ਜਰਮਨ ਨਿਊਜ਼ ਏਜੰਸੀ ਡੀ.ਪੀ.ਏ. ਦੀ ਰਿਪੋਰਟ ਮੁਤਾਬਕ, ਜੱਜ ਕ੍ਰਿਸਟੋਫਰ ਕੋਲਰ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਵਿੱਚ ਕਿਸੇ ਨੂੰ ਯਜ਼ੀਦੀ ਧਾਰਮਿਕ ਘੱਟ ਗਿਣਤੀ ਦੇ ਯੋਜਨਾਬੱਧ ਦਮਨ ਵਿੱਚ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਬਚਾਅ ਪੱਖ ਦੇ ਵਕੀਲ ਨੇ ਆਪਣੇ ਕਲਾਈਂਟ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਕਤ ਦੋਸ਼ੀ ਦੀ ਜਰਮਨ ਪਤਨੀ ਨੂੰ ਵੀ ਪਿਛਲੇ ਮਹੀਨੇ ਇਸੇ ਮਾਮਲੇ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 'ਓਮੀਕਰੋਨ' ਦੇ 14 ਮਾਮਲਿਆਂ ਦੀ ਪੁਸ਼ਟੀ, 'ਮਾਸਕ' ਪਾਉਣਾ ਹੋਇਆ ਲਾਜ਼ਮੀ
ਸੰਯੁਕਤ ਰਾਸ਼ਟਰ ਨੇ 2014 ਵਿੱਚ ਉੱਤਰੀ ਇਰਾਕ ਵਿੱਚ ਯਜ਼ੀਦੀ ਲੋਕਾਂ ਦੇ ਖ਼ਿਲਾਫ਼ ਆਪਣੀ ਹੀ ਧਰਤੀ 'ਤੇ ਆਈਐਸ ਦੇ ਹਮਲਿਆਂ ਨੂੰ ਨਸਲਕੁਸ਼ੀ ਕਰਾਰ ਦਿੰਦਿਆਂ ਕਿਹਾ ਸੀ ਕਿ 400,000 ਦੀ ਆਬਾਦੀ ਵਾਲੇ ਯਜ਼ੀਦੀ ਭਾਈਚਾਰੇ ਨੂੰ ਜਾਂ ਤਾਂ ਭੱਜਣ ਲਈ ਮਜ਼ਬੂਰ ਕੀਤਾ ਗਿਆ, ਫੜਿਆ ਗਿਆ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਆਈਐਸ ਨੇ ਫੜ ਲਿਆ ਸੀ। ਉਸਨੇ ਮੁੰਡਿਆਂ ਨੂੰ ਆਪਣੇ ਪੱਖ ਵਿਤਚ ਲੜਨ ਲਈ ਮਜ਼ਬੂਰ ਕੀਤਾ। ਜਿਹੜੇ ਪੁਰਸ਼ਾਂ ਨੇ ਇਸਲਾਮ ਨਹੀਂ ਕਬੂਲਿਆ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਔਰਤਾਂ ਤੇ ਕੁੜੀਆਂ ਨੂੰ ਗੁਲਾਮੀ ਲਈ ਵੇਚ ਦਿੱਤਾ ਗਿਆ।
ਜਰਮਨ ਵਕੀਲਾਂ ਮੁਤਾਬਕ ਅਲ-ਜੇ ਨੇ 2015 ਵਿੱਚ ਸੀਰੀਆ ਵਿੱਚ ਇੱਕ IS ਦੇ ਇਕ ਕੈਂਪ ਤੋਂ ਇੱਕ ਯਜ਼ੀਦੀ ਔਰਤ ਅਤੇ ਉਸਦੀ ਪੰਜ ਸਾਲ ਦੀ ਧੀ ਨੂੰ ਗੁਲਾਮਾਂ ਵਜੋਂ ਖਰੀਦਿਆ ਸੀ। ਦੋਵਾਂ ਨੂੰ ਅਗਸਤ 2014 'ਚ ਉੱਤਰੀ ਇਰਾਕ ਤੋਂ ਅੱਤਵਾਦੀ ਸੰਗਠਨ ਨੇ ਫੜਿਆ ਸੀ, ਜਿਸ ਤੋਂ ਬਾਅਦ ਮਾਂ-ਧੀ ਨੂੰ ਵਾਰ-ਵਾਰ ਖਰੀਦਿਆ-ਵੇਚਿਆ ਗਿਆ ਸੀ। ਤੈਅ ਇਲਜ਼ਾਮ ਮੁਤਾਬਕ ਅਲ-ਜੇ ਮਾਂ-ਧੀ ਨੂੰ ਆਪਣੇ ਨਾਲ ਇਰਾਕੀ ਸ਼ਹਿਰ ਫਾਲੂਜਾਹ ਵਿੱਚ ਆਪਣੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਘਰ ਦੀ ਦੇਖਭਾਲ ਕਰਨ ਅਤੇ ਸਖਤ ਇਸਲਾਮੀ ਕਾਨੂੰਨ ਮੁਤਾਬਕ ਰਹਿਣ ਲਈ ਮਜ਼ਬੂਰ ਕੀਤਾ। ਇਸ ਦੌਰਾਨ ਉਸ ਨੇ ਮਾਂ-ਧੀ ਨੂੰ ਢਿੱਡ ਭਰ ਕੇ ਖਾਣਾ ਵੀ ਨਹੀਂ ਦਿੱਤਾ ਅਤੇ ਸਜ਼ਾ ਵਜੋਂ ਉਨ੍ਹਾਂ ਨੂੰ ਲਗਾਤਾਰ ਕੁੱਟਿਆ। ਵਕੀਲਾਂ ਨੇ ਦੋਸ਼ ਲਾਇਆ ਕਿ 2015 ਦੇ ਅਖੀਰ ਵਿੱਚ ਅਲ-ਜੇ ਨੇ ਕੁੜੀ ਨੂੰ 50 ਡਿਗਰੀ ਸੈਲਸੀਅਸ ਸੂਰਜ ਦੀ ਤੇਜ਼ ਧੁੱਪ ਵਿੱਚ ਖਿੜਕੀ ਦੇ ਸ਼ੀਸ਼ੇ ਨਾਲ ਬੰਨ੍ਹ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਕੁੜੀ ਨੂੰ ਇਹ ਸਜ਼ਾ ਰਾਤ ਨੂੰ ਆਪਣਾ ਬਿਸਤਰਾ ਗਿੱਲਾ ਕਰਨ ਦੇ ਦੋਸ਼ 'ਚ ਦਿੱਤੀ ਗਈ ਸੀ। ਸਾਰੇ ਤਸ਼ੱਦਦ ਤੋਂ ਬਚੀ ਕੁੜੀ ਦੀ ਮਾਂ ਨੇ ਦੋਵਾਂ ਮਾਮਲਿਆਂ ਵਿੱਚ ਗਵਾਹੀ ਦਿੱਤੀ ਹੈ।