ਸਿੱਖਾਂ ਵੱਲੋਂ ਫਲਾਇਡ ਦੀ ਹੱਤਿਆ 'ਤੇ ਅਦਾਲਤੀ ਫ਼ੈਸਲੇ ਦਾ ਸਵਾਗਤ, ਅਮਰੀਕਾ 'ਚ ਪੁਲਸ ਸੁਧਾਰ ਲਈ ਸੱਦੇ ਦਾ ਸਮਰਥਨ

Wednesday, Apr 21, 2021 - 11:53 AM (IST)

ਵਾਸ਼ਿੰਗਟਨ, ਡੀ.ਸੀ (ਰਾਜ ਗੋਗਨਾ): ਇੱਕ ਗੋਰੇ ਪੁਲਸ ਅਧਿਕਾਰੀ ਡੇਰੇਕ ਚੌਵਿਨ ਨੂੰ ਇੱਕ ਕਾਲੇ ਆਦਮੀ ਜੋਰਜ ਫਲਾਇਡ ਦੀ ਹੱਤਿਆ ਦੇ ਕੇਸ ਵਿੱਚ ਦੋਸ਼ੀ ਘੋਸ਼ਿਤ ਕੀਤੇ ਜਾਣ ਦੇ ਫ਼ੈਸਲੇ ਦਾ ਸਿੱਖ ਭਾਈਚਾਰੇ ਨੇ ਸਵਾਗਤ ਕੀਤਾ ਹੈ। ਚੌਵਿਨ ਨੇ ਪਿਛਲੇ ਸਾਲ 9 ਮਿੰਟ ਤੋਂ ਵੱਧ ਸਮੇਂ ਲਈ ਫਲਾਇਡ ਦੀ ਗਰਦਨ ਨੂੰ ਆਪਣੇ ਗੋਡੇ ਦੇ ਹੇਠਾਂ ਰੱਖਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ।

PunjabKesari

ਅਮਰੀਕਾ ਵਿਚ ਨਸਲੀ ਵਿਤਕਰਿਆਂ ਅਤੇ ਪੁਲਸ ਦੀ ਬੇਰਹਿਮੀ ਖ਼ਿਲਾਫ਼ ਦੇਸ਼ ਭਰ ਮੁਜ਼ਾਹਰੇ ਹੋਏ ਅਤੇ ਸੰਸਾਰ ਪੱਧਰ ਤੱਕ ਇਸ ਦਾ ਵਿਰੋਧ ਹੋਇਆ ਸੀ। ਫ਼ੈਸਲਿਆਂ ਤੋਂ ਬਾਅਦ ਟਿੱਪਣੀ ਕਰਦਿਆਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਹਿੰਸਾ ਦੀ ਬਜਾਏ ਸ਼ਾਂਤੀ ਨਾਲ ਫਲਾਇਡ ਦੀ ਮੌਤ ਅਤੇ ਇਸ ਫ਼ੈਸਲੇ ਦਾ ਪ੍ਰਤਿਕਰਮ ਹੋਣਾ ਚਾਹੀਦਾ ਹੈ।ਰਾਸ਼ਟਰਪਤੀ ਨੇ ਕਿਹਾ,“ਇਹ ਮੇਰੀ ਉਮੀਦ ਅਤੇ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਇਸ ਦੇਸ਼ ਵਿੱਚ ਸਹੀ ਅਰਥਾਂ ਵਿਚ ਨਸਲੀ ਬਦਲਾਅ ਲਿਆ ਸਕੀਏ।” 

PunjabKesari

ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਇਹ ਮਹੱਤਵਪੂਰਣ ਤਬਦੀਲੀ ਦਾ ਪਲ ਹੋ ਸਕਦਾ ਹੈ। ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨੇ ਕਿਹਾ,“ਆਖਰਕਾਰ ਜਿਊਰੀ ਦਾ ਸਹੀ ਫ਼ੈਸਲਾ ਆਇਆ ਅਤੇ ਇਸ ਗੱਲ ਦਾ ਭਰੋਸਾ ਹੋਇਆ ਹੈ ਕਿ ਇਸ ਦੇਸ਼ ਵਿੱਚ ਨਿਆਂ ਪ੍ਰਬਲ ਹੈ। ਇਹ ਕੇਸ ਯਾਦ ਕਰਵਾਉਂਦਾ ਰਹੇਗਾ ਕਿ ਕਾਲਿਆਂ ਦਾ ਨਾਜਾਇਜ਼ ਕਤਲੇਆਮ ਪੁਲਸ ਹੱਥੋਂ ਨਹੀ ਬਰਦਾਸ਼ਤ ਕੀਤਾ ਜਾਵੇਗਾ। ਉਹਨਾਂ ਨੇ ਅੱਗੇ ਕਿਹਾ,“ਸਿੱਖ ਜੋਰਜ ਫਲਾਇਡ ਦੇ ਪਰਿਵਾਰ ਲਈ ਅਰਦਾਸ ਕਰ ਰਹੇ ਹਨ।  ਇਸ ਪਰਿਵਾਰ ਅਤੇ ਇਸ ਦੇਸ਼ ਵਿਚਲੇ ਸਾਰੇ ਹੀ ਕਾਲੇ ਮੂਲ ਦੇ ਲੋਕਾਂ ਲਈ ਇਹ ਮੌਤ ਇਕ ਦੁੱਖਦਾਈ ਦੀ ਗੱਲ ਰਹੀ ਹੈ।''

PunjabKesari

ਪੜ੍ਹੋ ਇਹ ਅਹਿਮ ਖਬਰ- ਜੌਰਜ ਫਲਾਇਡ ਮਾਮਲਾ : ਸਾਬਕਾ ਪੁਲਸ ਅਧਿਕਾਰੀ ਦੋਸ਼ੀ ਕਰਾਰ, ਬਾਈਡੇਨ ਨੇ ਫ਼ੈਸਲੇ ਦਾ ਕੀਤਾ ਸਵਾਗਤ

ਡਾ: ਰਾਜਵੰਤ ਸਿੰਘ ਨੇ ਅੱਗੇ ਕਿਹਾ,“ਅਸੀਂ ਗੈਰ ਜ਼ਿੰਮੇਵਾਰ ਸੁਰੱਖਿਆ ਅਫਸਰਾਂ ਦੁਆਰਾ ਨਾਜਾਇਜ਼ ਕਾਤਲਾਨਾ ਕਾਰਵਾਈਆਂ ਨੂੰ ਰੋਕਣ ਲਈ ਸਾਰਥਕ ਪੁਲਸ ਸੁਧਾਰਾਂ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੇ ਯਤਨਾਂ ਦਾ ਪੂਰਨ ਸਮਰਥਨ ਕਰਦੇ ਹਾਂ। ਇਹ ਫ਼ੈਸਲਾ ਸਿਰਫ ਪਹਿਲਾ ਕਦਮ ਹੈ ਅਤੇ ਸਾਨੂੰ ਆਪਣੀਆਂ ਸੰਸਥਾਵਾਂ ਵਿੱਚ ਪ੍ਰਚਲਿਤ ਨਸਲਵਾਦ ਨੂੰ ਠੀਕ ਕਰਨ ਲਈ ਸਖਤ ਜ਼ੋਰ ਦੇਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ,"ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਨਸ਼ਲਵਾਦ ਦੀ ਡੂੰਘੀ ਖਰਾਬੀ ਬਣੀ ਹੋਈ ਹੈ। ਕਾਲੇ ਲੋਕ ਬੇਹਿਸਾਬ ਤਰੀਕੇ ਨਾਲ ਪੁਲਸ ਦੀ ਬੇਰਹਿਮੀ ਦਾ ਸ਼ਿਕਾਰ ਰਹਿੰਦੇ ਹਨ। ਸਾਡੀ ਅਰਦਾਸ ਹੈ ਕਿ ਅਸੀਂ ਸਾਰੇ ਇੱਕ ਸੁਰੱਖਿਅਤ ਸਮਾਜ ਦੀ ਤਰਫ ਕੰਮ ਕਰੀਏ ਜਿੱਥੇ ਸਮਾਜਿਕ-ਆਰਥਿਕਤਾ, ਨਸਲ, ਧਰਮ ਜਾਂ ਲਿੰਗ ਦੇ ਆਧਾਰ ਤੇ ਨਿਆਂ ਨੂੰ ਲਾਗੂ ਨਾ ਕੀਤਾ ਜਾਵੇ।ਪਿਛਲੇ ਸਾਲ ਜੋਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਸਾਰੇ ਅਮਰੀਕਾ ਵਿਚ ਸਿੱਖਾਂ ਨੇ ਵੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ।

ਨੋਟ- ਸਿੱਖਾਂ ਵੱਲੋਂ ਫਲਾਇਡ ਦੀ ਹੱਤਿਆ 'ਤੇ ਅਦਾਲਤੀ ਫ਼ੈਸਲੇ ਦਾ ਸਵਾਗਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Vandana

Content Editor

Related News