ਕੈਲੀਫੋਰਨੀਆ ‘ਚ ਦਸਤਾਰਧਾਰੀ ਸਿੱਖ ਪਰਗਟ ਸੰਧੂ ਬਣੇ ਗਾਲਟ ਸਿਟੀ ਦੇ ਮੇਅਰ

12/12/2019 7:40:26 AM

ਸੈਕਰਾਮੈਂਟੋ/ ਨਿਊਯਾਰਕ   (ਰਾਜ ਗੋਗਨਾ )— ਪਰਗਟ ਸਿੰਘ ਸੰਧੂ ਗਾਲਟ ਸਿਟੀ ਦੇ ਨਵੇਂ ਮੇਅਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਇਸ ਸਿਟੀ ਦੇ ਕੌਂਸਲ ਮੈਂਬਰ ਅਤੇ ਪਲਾਨਿੰਗ ਕਮਿਸ਼ਨਰ ਦੀ ਸੇਵਾ ਵੀ ਨਿਭਾਅ ਚੁੱਕੇ ਹਨ। ਪਰਗਟ ਸਿੰਘ ਸੰਧੂ ਅਮਰੀਕਾ ਵਿਚ ਦੂਜੇ ਦਸਤਾਰਧਾਰੀ ਸਿੱਖ ਮੇਅਰ ਬਣ ਗਏ ਹਨ। ਇਸ ਤੋਂ ਪਹਿਲਾਂ ਨਿਊਜਰਸੀ ਦੇ ਸ਼ਹਿਰ ਹੋਬੋਕੇਨ ‘ਚ ਸ. ਰਵਿੰਦਰ ਸਿੰਘ ਭੱਲਾ ਦਸਤਾਰਧਾਰੀ ਸਿੱਖ ਮੇਅਰ ਵਜੋਂ ਸੇਵਾ ਨਿਭਾ ਰਹੇ ਹਨ। ਪਰਗਟ ਸਿੰਘ ਸੰਧੂ ਸਿੱਖ ਹਲਕਿਆਂ ਵਿਚ ਇਕ ਜਾਣੀ-ਪਹਿਚਾਣੀ ਸ਼ਖਸੀਅਤ ਹਨ। ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ। ਮਿੱਠ ਬੋਲੜੇ ਅਤੇ ਸ਼ਾਂਤ ਸੁਭਾਅ ਦੇ ਸ. ਸੰਧੂ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ, ਸੈਕਰਾਮੈਂਟੋ ਦੀ ਕਮੇਟੀ ਵਿਚ ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ। ਉਹ ਇਕ ਸਫਲ ਬਿਜ਼ਨਸਮੈਨ ਵੀ ਹਨ। ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਮੁਡੈਸਟੋ ਸਿਟੀ ਦੇ ਵਾਈਸ ਮੇਅਰ ਮੈਨੀ ਗਰੇਵਾਲ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਆਗੂ ਧੀਰਾ ਨਿੱਜਰ ਵੱਲੋਂ ਸ. ਪਰਗਟ ਸਿੰਘ ਸੰਧੂ ਦੇ ਮੇਅਰ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ. ਸੰਧੂ ਦੇ ਮੇਅਰ ਬਣਨ ਨਾਲ ਅਮਰੀਕਾ ਵਿਚ ਸਿੱਖ ਪਹਿਚਾਣ ਬਣਾਉਣ ਵਿਚ ਹੋਰ ਵੀ ਮਦਦ ਮਿਲੇਗੀ।

ਮੇਅਰ ਦੀ ਚੋਣ ਤੋਂ ਬਾਅਦ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਸ. ਸੰਧੂ ਨੇ ਕਿਹਾ ਕਿ ਜਦੋਂ ਮੈਂ 37 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆਇਆ ਸੀ, ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਕ ਦਿਨ ਉਸ ਮਹਾਨ ਸ਼ਹਿਰ ਦਾ ਮੇਅਰ ਬਣਾਂਗਾ, ਜਿਸ ਵਿਚ ਮੈਂ ਰਹਿੰਦਾ ਹਾਂ। ਇਕ ਸਾਲ ਪਹਿਲਾਂ ਮੈਂ ਸਿਟੀ ਕੌਂਸਲ ਮੈਂਬਰ ਚੁਣਿਆ ਗਿਆ ਅਤੇ ਹੁਣ ਮੈਂ ਸਰਬਸੰਮਤੀ ਨਾਲ ਗਾਲਟ ਸਿਟੀ ਦਾ ਮੇਅਰ ਚੁਣਿਆ ਗਿਆ ਹਾਂ। ਇਹ ਸਿੱਖ ਕੌਮ ਲਈ ਇਕ ਮਹਾਨ ਕਦਮ ਹੈ, ਕਿਉਂਕਿ ਅਸੀਂ ਲਗਾਤਾਰ ਮੁਸ਼ਕਿਲਾਂ ਅਤੇ ਰੁਕਾਵਟਾਂ ਨੂੰ ਦੂਰ ਕਰਦੇ ਆ ਰਹੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦੇਵੇਗਾ, ਕਿਉਂਕਿ ਇਹ ਜਨਤਕ ਸੇਵਾ ‘ਚ ਤਰੱਕੀ ਕਰ ਰਹੇ ਸਾਡੇ ਭਾਈਚਾਰੇ ਅਤੇ ਅਮਰੀਕਨ ਸੁਪਨੇ ਨੂੰ ਦਰਸਾਉਂਦਾ ਹੈ। ਨਰਮ ਭਾਵਨਾ ਰੱਖੋ ਅਤੇ ਹਉਮੈ ਨੂੰ ਆਪਣੇ ਰਸਤੇ ‘ਚ ਨਾ ਆਉਣ ਦਿਓ। ਸਖਤ ਮਿਹਨਤ ਕਰੋ ਅਤੇ ਵਿਸ਼ਵਾਸ ਰੱਖੋ – ਸੰਭਾਵਨਾਵਾਂ ਬੇਅੰਤ ਹਨ। ਮੇਰੇ ਪਰਿਵਾਰ, ਦੋਸਤਾਂ, ਸਮਰਥਕਾਂ ਅਤੇ ਭਾਈਚਾਰੇ ਦਾ ਧੰਨਵਾਦ। 


Related News