''ਤੁਸੀਂ ਇਕ ਮਿੰਟ ਵੀ..!'', ਨੇਤਨਯਾਹੂ ''ਤੇ PM ਅਹੁਦੇ ਦੇ ਮੁੱਖ ਦਾਅਵੇਦਾਰ ਆਈਜ਼ਨਕੋਟ ਨੇ ਬੋਲਿਆ ਤਿੱਖਾ ਹਮਲਾ

Monday, Nov 16, 2026 - 04:08 PM (IST)

''ਤੁਸੀਂ ਇਕ ਮਿੰਟ ਵੀ..!'', ਨੇਤਨਯਾਹੂ ''ਤੇ PM ਅਹੁਦੇ ਦੇ ਮੁੱਖ ਦਾਅਵੇਦਾਰ ਆਈਜ਼ਨਕੋਟ ਨੇ ਬੋਲਿਆ ਤਿੱਖਾ ਹਮਲਾ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ 'ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਚੱਲ ਰਹੀ ਸਿਆਸੀ ਖਿੱਚੋਤਾਣ ਵਿਚਾਲੇ ਪ੍ਰਧਾਨ ਮੰਤਰੀ ਅਹੁਦੇ ਦੇ ਮੁੱਖ ਦਾਅਵੇਦਾਰ ਅਤੇ ਸਾਬਕਾ ਫ਼ੌਜ ਮੁਖੀ ਗਾਦੀ ਆਈਜ਼ਨਕੋਟ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ। ਨੇਤਨਯਾਹੂ ਦੇ ਇੱਕ ਸਹਿਯੋਗੀ 'ਤੇ ਚੋਣਾਂ 'ਚ ਦਖ਼ਲਅੰਦਾਜ਼ੀ ਕਰਨ ਦੇ ਲੱਗੇ ਦੋਸ਼ਾਂ ਤੋਂ ਬਾਅਦ ਆਈਜ਼ਨਕੋਟ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਨੇਤਨਯਾਹੂ ਹੁਣ "ਇੱਕ ਮਿੰਟ ਵੀ ਹੋਰ ਸਰਕਾਰ ਦੇ ਮੁਖੀ ਵਜੋਂ ਅਹੁਦੇ 'ਤੇ ਨਹੀਂ ਰਹਿ ਸਕਦੇ।"

ਨੇਤਨਯਾਹੂ ਦੇ ਦਫ਼ਤਰ ਨਾਲ ਜੁੜੇ ਇੱਕ ਸਹਿਯੋਗੀ ਵੱਲੋਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕਥਿਤ ਕੋਸ਼ਿਸ਼ ਸਬੰਧੀ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਸ ਨੂੰ "ਤਖ਼ਤਾਪਲਟ ਦੀ ਕੋਸ਼ਿਸ਼" ਕਰਾਰ ਦਿੱਤਾ ਹੈ। ਆਈਜ਼ਨਕੋਟ ਨੇ ਨੇਤਨਯਾਹੂ ਦੀਆਂ ਕਾਰਵਾਈਆਂ ਨੂੰ ਇਜ਼ਰਾਈਲੀ ਲੋਕਤੰਤਰ ਲਈ ਸਿੱਧਾ ਖ਼ਤਰਾ ਦੱਸਦਿਆਂ ਤੁਰੰਤ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਪਿਛਲੇ ਮਹੀਨੇ ਹੋਈਆਂ ਆਮ ਚੋਣਾਂ 'ਚ 120 ਮੈਂਬਰੀ ਸੰਸਦ 'ਨੈਸੇਟ' 'ਚ ਨਾ ਤਾਂ ਨੇਤਨਯਾਹੂ ਦੇ ਗਠਜੋੜ ਅਤੇ ਨਾ ਹੀ ਵਿਰੋਧੀ ਧਿਰ ਨੂੰ ਬਹੁਮਤ ਲਈ ਲੋੜੀਂਦੀਆਂ 61 ਸੀਟਾਂ ਮਿਲ ਸਕੀਆਂ ਹਨ। ਨੇਤਨਯਾਹੂ ਨੇ ਇਰਾਨ ਦੇ ਪ੍ਰਮਾਣੂ ਖ਼ਤਰੇ ਅਤੇ ਸੁਰੱਖਿਆ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਬਿਨਾਂ ਕਿਸੇ ਸ਼ਰਤ 'ਰਾਸ਼ਟਰੀ ਏਕਤਾ ਸਰਕਾਰ' ਬਣਾਉਣ ਦੀ ਅਪੀਲ ਕੀਤੀ ਸੀ, ਪਰ ਰਾਸ਼ਟਰਪਤੀ ਇਸਹਾਕ ਹਰਜ਼ੋਗ ਵੱਲੋਂ ਸਰਕਾਰ ਬਣਾਉਣ ਦਾ ਸੱਦਾ ਪ੍ਰਾਪਤ ਕਰ ਚੁੱਕੇ ਆਈਜ਼ਨਕੋਟ ਨੇ ਇਸ ਨੂੰ ਨੇਤਨਯਾਹੂ ਦੀਆਂ 'ਚਾਲਾਂ' ਤੇ ਸਮਾਜ 'ਚ ਵੰਡ ਪਾਉਣ ਦੀ ਕੋਸ਼ਿਸ਼ ਦੱਸ ਕੇ ਰੱਦ ਕਰ ਦਿੱਤਾ ਹੈ।

ਆਈਜ਼ਨਕੋਟ ਦੀ 'ਯਸ਼ਰ ਪਾਰਟੀ' ਨੂੰ ਵਿਰੋਧੀ ਧਿਰਾਂ ਦੇ ਨਾਲ-ਨਾਲ 2 ਪ੍ਰਮੁੱਖ ਅਰਬ ਪਾਰਟੀਆਂ ('ਜੁਆਇੰਟ ਲਿਸਟ' ਅਤੇ 'ਰਾ'ਮ') ਦਾ ਸਮਰਥਨ ਮਿਲਣ ਦੇ ਸੰਕੇਤ ਮਿਲੇ ਹਨ, ਜਿਸ ਕਾਰਨ ਨੇਤਨਯਾਹੂ ਕੈਂਪ ਵੱਲੋਂ ਅਰਬ ਭਾਈਚਾਰੇ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਨੇਤਨਯਾਹੂ ਨੇ ਆਪਣੇ ਸਹਿਯੋਗੀਆਂ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਭਵਿੱਖੀ ਸਰਕਾਰ 'ਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਗੇ।


author

Harpreet SIngh

Content Editor

Related News