ਤਾਨਾਸ਼ਾਹ ਗੱਦਾਫੀ ਦਾ ਬੇਟਾ ਸਾਦੀ ਗੱਦਾਫੀ ਤ੍ਰਿਪੋਲੀ ਦੀ ਜੇਲ ਤੋਂ ਰਿਹਾਅ, ਤੁਰਕੀ ਰਵਾਨਾ

Tuesday, Sep 07, 2021 - 12:24 PM (IST)

ਤਾਨਾਸ਼ਾਹ ਗੱਦਾਫੀ ਦਾ ਬੇਟਾ ਸਾਦੀ ਗੱਦਾਫੀ ਤ੍ਰਿਪੋਲੀ ਦੀ ਜੇਲ ਤੋਂ ਰਿਹਾਅ, ਤੁਰਕੀ ਰਵਾਨਾ

ਤ੍ਰਿਪੋਲੀ (ਯੂ. ਐੱਨ. ਆਈ.) - ਲੀਬੀਆ ਦੇ ਸਾਬਕਾ ਨੇਤਾ ਅਤੇ ਤਾਨਾਸ਼ਾਹ ਮੁਅੱਮਰ ਗੱਦਾਫੀ ਦੇ ਬੇਟੇ ਸਾਦੀ ਗੱਦਾਫੀ ਨੂੰ ਤ੍ਰਿਪੋਲੀ ਦੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਉਹ ਤੁਰਕੀ ਲਈ ਰਵਾਨਾ ਹੋ ਗਿਆ ਹੈ। ਮੁਅੱਮਰ ਗੱਦਾਫੀ ਦੇ 2011 ਵਿੱਚ ਤਖਤਾਪਲਟ ਅਤੇ ਹੱਤਿਆ ਤੋਂ ਬਾਅਦ ਤੋਂ ਲੀਬੀਆ ਵਿੱਚ ਸਿਆਸੀ ਅਸਥਿਰਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਅਸੁਰੱਖਿਆ ਦਾ ਦੌਰ ਸ਼ੁਰੂ ਹੋ ਗਿਆ। ਉਨ੍ਹਾਂ ਦੇ 3 ਬੇਟੇ ਮਾਰੇ ਗਏ ਜਦਕਿ ਸਾਦੀ ਗੱਦਾਫੀ ਨਾਈਜਰ ਭੱਜਣ ਵਿਚ ਸਫਲ ਰਿਹਾ। ਉਸਨੂੰ 2014 ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਲੀਬੀਆ ਦੇ ਨਵੇਂ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਸੀ।

ਸਾਦੀ ਗੱਦਾਫੀ ਆਪਣੇ ਪਿਤਾ ਦੇ ਰਾਜ ਦੌਰਾਨ ਇਕ ਪੇਸ਼ੇਵਰ ਫੁੱਟਬਾਲ ਖਿਡਾਰੀ ਹੋਇਆ ਕਰਦਾ ਸੀ। ਹਵਾਲਗੀ ਤੋਂ ਬਾਅਦ ਉਸ ’ਤੇ 2011 ਦੇ ਵਿਦਰੋਹ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਕੀਤੇ ਗਏ ਵੱਖ-ਵੱਖ ਅਪਰਾਧਾਂ ਅਤੇ 2005 ਵਿੱਚ ਲੀਬੀਆ ਦੇ ਫੁੱਟਬਾਲ ਖਿਡਾਰੀ ਬਸ਼ੀਰ ਰਾਯਾਨੀ ਦੀ ਹੱਤਿਆ ਸਮੇਤ ਕਈ ਦੋਸ਼ ਲਗਾਏ ਗਏ। ਹੱਤਿਆ ਦਾ ਦੋਸ਼ ਹਾਲਾਂਕਿ 2018 ਵਿੱਚ ਹਟਾ ਲਿਆ ਗਿਆ।


author

rajwinder kaur

Content Editor

Related News