ਜੀ20 ਤੇ ਉਸ ਦੇ ਸਹਿਯੋਗੀ ਦੇਸ਼ ਕੋਰੋਨਾ ਨਾਲ ਜੰਗ ''ਚ ਕਰਨਗੇ 21 ਅਰਬ ਡਾਲਰ ਦਾ ਯੋਗਦਾਨ
Saturday, Jun 06, 2020 - 05:18 PM (IST)

ਮਾਸਕੋ (ਵਾਰਤਾ) : ਜੀ20 ਅਤੇ ਉਸ ਦੇ ਸਾਥੀ ਦੇਸ਼ਾਂ ਨੇ ਕੋਰੋਨਾ ਵਾਇਰਸ 'ਕੋਵਿਡ-19' ਖਿਲਾਫ ਜੰਗ ਵਿਚ 21 ਅਰਬ ਡਾਲਰ ਤੋਂ ਜ਼ਿਆਦਾ ਯੋਗਦਾਨ ਦੇਣ ਦਾ ਫ਼ੈਸਲਾ ਲਿਆ ਹੈ। ਸਮੂਹ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ , 'ਜੀ20 ਆਪਣੇ ਸਹਿਯੋਗੀ ਦੇਸ਼ਾਂ ਨਾਲ ਕੋਰੋਨਾ ਮਹਾਮਾਰੀ ਖਿਲਾਫ ਗਲੋਬਲ ਤਾਲਮੇਲ ਬਣਾਉਣ ਵਿਚ ਜੁਟਿਆ ਹੋਇਆ ਹੈ।
ਫਿਲਹਾਲ ਜੀ20 ਦੇ ਮੈਂਬਰ ਦੇਸ਼ ਅਤੇ ਹੋਰ ਸਹਿਯੋਗੀ ਦੇਸ਼ਾਂ ਨੇ ਕੋਰੋਨਾ ਖਿਲਾਫ 21 ਅਰਬ ਅਮਰੀਕੀ ਡਾਲਰ ਦਾ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਰਾਸ਼ੀ ਵੈਕਸੀਨ ਬਣਾਉਣ, ਇਲਾਜ ਕਰਨ, ਖੋਜ ਅਤੇ ਵਿਕਾਸ ਵਿਚ ਇਸਤੇਮਾਲ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਰੋਨਾ ਵਾਇਰਸ ਮਹਾਮਾਰੀ ਨੂੰ ਗਲੋਬਲ ਮਹਾਮਾਰੀ ਘੋਸ਼ਿਤ ਕਰ ਦਿੱਤਾ ਸੀ। ਹੁਣ ਤੱਕ ਕੁੱਲ 67 ਲੱਖ ਲੋਕ ਇਸ ਬੀਮਾਰੀ ਨਾਲ ਪੀੜਤ ਹੋ ਚੁੱਕੇ ਹਨ, ਜਦੋਂਕਿ 3.94 ਲੱਖ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।