ਸਟੀਲਥ ਜੈੱਟ ਤੋਂ ਲੇਜ਼ਰ ਤੱਕ : ਭਾਰਤ ਦੇ ਡਿਫੈਂਸ ਸਿਸਟਮ 'ਚ ਆ ਰਿਹਾ ਧਮਾਕੇਦਾਰ ਇਨਕਲਾਬ
Saturday, Jun 21, 2025 - 03:30 PM (IST)

ਇੰਟਰਨੈਸ਼ਨਲ ਡੈਸਕ - ਭਾਰਤ ਦੀ ਪ੍ਰਮੁੱਖ ਰੱਖਿਆ ਅਨੁਸੰਧਾਨ ਸੰਸਥਾ DRDO ਦੇ ਮੁਖੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਨ ਦੇ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਦੇਸ਼ ਹੁਣ ਆਧੁਨਿਕ ਹਥਿਆਰ ਪ੍ਰਣਾਲੀਆਂ ਦੇ ਮਾਮਲੇ 'ਚ ਇਕ ਨਵੇਂ ਯੁਗ ਵਿੱਚ ਦਾਖਲ ਹੋ ਰਿਹਾ ਹੈ। DRDO ਇਸ ਵੇਲੇ ਹਾਈਪਰਸੋਨਿਕ ਮਿਸਾਈਲਾਂ, ਸਟੀਲਥ ਜੈੱਟ, ਹਾਈ-ਐਨਰਜੀ ਲੇਜ਼ਰ, ਐਂਟੀ-ਡਰੋਨ ਤਕਨੀਕ ਅਤੇ ਏਅਰ ਡਿਫੈਂਸ ਸਿਸਟਮ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। DRDO ਵੱਲੋਂ ਵਿਕਸਤ ਕੀਤੀ ਜਾ ਰਹੀ ਬ੍ਰਹਮੋਸ-NG ਮਿਸਾਈਲ ਮੌਜੂਦਾ ਬ੍ਰਹਮੋਸ ਦੀ ਹਲਕੀ ਅਤੇ ਛੋਟੀ ਵਰਜਨ ਹੋਵੇਗੀ। ਮੌਜੂਦਾ ਬ੍ਰਹਮੋਸ ਸਿਰਫ਼ ਭਾਰੀ ਜੈੱਟ ਜਿਵੇਂ Su-30MKI 'ਤੇ ਹੀ ਲੱਗ ਸਕਦੀ ਹੈ, ਪਰ ਨਵੀਂ ਬ੍ਰਹਮੋਸ-NG ਨੂੰ ਵੱਖ-ਵੱਖ ਕਿਸਮ ਦੇ ਲੜਾਕੂ ਜਹਾਜ਼ਾਂ 'ਤੇ ਲਾਗੂ ਕਰਨ ਯੋਗ ਬਣਾਇਆ ਜਾ ਰਿਹਾ ਹੈ। ਇਸ ਦੀ ਰੇਂਜ ਵਧਾਉਣ ਅਤੇ ਆਕਾਰ ਘਟਾਉਣ ਲਈ ਕੰਮ ਚੱਲ ਰਿਹਾ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਨੂੰ ਹੋਰ ਵਧੇਰੇ ਰਣਨੀਤਕ ਲਚਕ ਮਿਲੇਗੀ।
ਹਾਲਾਂਕਿ DRDO ਇਸ ਸਮੇਂ ਦੋ ਹਾਈਪਰਸੋਨਿਕ ਮਿਸਾਈਲ ਸਿਸਟਮਾਂ 'ਤੇ ਕੰਮ ਕਰ ਰਿਹਾ ਹੈ ਜਿਨ੍ਹਾਂ 'ਚ ਪਹਿਲਾ ਹੈ Hypersonic Glide Vehicle (HGV), ਜੋ ਆਪਣੇ ਟੈਸਟਾਂ ਦੇ ਆਖਰੀ ਪੜਾਅ ਵਿਚ ਹੈ। ਇਹ ਮਿਸਾਈਲ ਅਗਲੇ 2-3 ਸਾਲਾਂ 'ਚ ਭਾਰਤੀ ਫੌਜ ਦਾ ਹਿੱਸਾ ਬਣ ਸਕਦੀ ਹੈ। ਅਤੇ ਦੂਜਾ ਵਿਕਾਸ Scramjet Engine 'ਤੇ ਅਧਾਰਿਤ ਹੈ, ਜੋ ਹਾਲ ਹੀ 'ਚ 1000 ਸਕਿੰਟ ਤੱਕ ਸਫਲਤਾ ਨਾਲ ਚਲਾਇਆ ਗਿਆ। ਇਸ ਤਕਨੀਕ ਦੀ ਮਦਦ ਨਾਲ DRDO ਹਾਈਪਰਸੋਨਿਕ ਕਰੂਜ਼ ਮਿਸਾਈਲ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਜੋ 5-7 ਸਾਲਾਂ ਵਿੱਚ ਤਿਆਰ ਹੋ ਸਕਦੀ ਹੈ।
ਭਾਰਤੀ ਹਵਾਈ ਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ DRDO ਵੱਲੋਂ ਐਸਟਰਾ ਐਮਕੇ-2 ਅਤੇ ਐਮਕੇ-3 ਐਅਰ-ਟੂ-ਐਅਰ ਮਿਸਾਈਲਾਂ 'ਤੇ ਕੰਮ ਹੋ ਰਿਹਾ ਹੈ। ਇਹ ਮਿਸਾਈਲਾਂ ਹਵਾਈ ਲੜਾਈ ਦੀ ਸਮਰਥਾ ਵਿਚ ਕਾਫ਼ੀ ਵਾਧਾ ਕਰਨਗੀਆਂ। ਇਸ ਦੇ ਨਾਲ ਨਾਲ, ਰੁਦ੍ਰਮ-2, ਰੁਦ੍ਰਮ-3 ਅਤੇ ਰੁਦ੍ਰਮ-4 ਵਰਗੀਆਂ ਜ਼ਮੀਨ ਤੋਂ ਹਮਲੇ ਕਰਨ ਵਾਲੀਆਂ ਮਿਸਾਈਲਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਵੈਰੀ ਦੇ ਰਡਾਰ ਅਤੇ ਕੰਮਿਊਨੀਕੇਸ਼ਨ ਸਿਸਟਮ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰਥ ਹੋਣਗੀਆਂ। ਉੱਥੇ ਹੀ AMCA ਭਾਰਤ ਦਾ ਪਹਿਲਾ ਦੇਸੀ ਫਿਫ਼ਥ ਜੈਨਰੇਸ਼ਨ ਸਟੀਲਥ ਫਾਈਟਰ ਜੈੱਟ ਹੋਵੇਗਾ ਅਤੇ ਇਹ HAL ਦੇ ਨਾਲ ਨਿੱਜੀ ਉਦਯੋਗ ਦੀ ਸਾਂਝ ਬਣਾਈ ਜਾ ਰਹੀ ਹੈ। ਹਾਲਾਂਕਿ ਇਹ ADA ਵੱਲੋਂ Expression of Interest (EOI) ਜਾਰੀ ਹੋ ਚੁੱਕਾ ਹੈ। ਪਰ ਇਹ ਜੈੱਟ ਰਡਾਰ ਅਣਪਕੜਾ, ਸੁਪਰਸੋਨਿਕ ਅਤੇ ਆਟੋਨੋਮਸ ਹਮਲਿਆਂ 'ਚ ਕਾਬਿਲ ਹੋਵੇਗਾ।