ਐਪਲ ਨੇ ਲਾਂਚ ਕੀਤਾ ਨਵਾਂ MacBook Pro ਤੇ iMac, ਜਾਣੋ ਭਾਰਤ ''ਚ ਕੀਮਤ ਤੇ ਨਵੇਂ M6 ਚਿੱਪ ਦੇ ਫ਼ੀਚਰਜ਼
Tuesday, Oct 27, 2026 - 10:14 PM (IST)
ਨਵੀਂ ਦਿੱਲੀ : ਟੈਕਨੋਲੋਜੀ ਖੇਤਰ ਦੀ ਮਸ਼ਹੂਰ ਕੰਪਨੀ ਐਪਲ (Apple) ਨੇ ਆਪਣੀ ਮੈਕ ਕੰਪਿਊਟਰ ਰੇਂਜ ਨੂੰ ਅੱਪਡੇਟ ਕਰਦੇ ਹੋਏ ਨਵੇਂ M6 ਚਿੱਪ ਵਾਲੇ 14-ਇੰਚ MacBook Pro ਅਤੇ iMac ਬਾਜ਼ਾਰ ਵਿੱਚ ਉਤਾਰ ਦਿੱਤੇ ਹਨ। ਕੰਪਨੀ ਦਾ ਮੁੱਖ ਫੋਕਸ ਤੇਜ਼ ਪਰਫ਼ਾਰਮੈਂਸ, ਬਿਹਤਰ ਗ੍ਰਾਫ਼ਿਕਸ ਅਤੇ ਏ.ਆਈ. (AI) ਨਾਲ ਜੁੜੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਨਿਪਟਾਉਣ 'ਤੇ ਹੈ।
ਨਵੇਂ 14-ਇੰਚ ਮੈਕਬੁੱਕ ਪ੍ਰੋ ਵਿੱਚ ਦਿੱਤੇ ਗਏ M6 ਚਿੱਪ ਵਿੱਚ 12-ਕੋਰ ਸੀ.ਪੀ.ਯੂ. (CPU) ਅਤੇ 12-ਕੋਰ ਜੀ.ਪੀ.ਯੂ. (GPU) ਸ਼ਾਮਲ ਹਨ। ਇਸ ਸੀ.ਪੀ.ਯੂ. ਵਿੱਚ ਦੋ ਸੁਪਰ ਕੋਰ, ਚਾਰ ਪਰਫ਼ਾਰਮੈਂਸ ਕੋਰ ਅਤੇ ਛੇ ਐਫ਼ੀਸ਼ੀਐਂਸੀ ਕੋਰ ਦਿੱਤੇ ਗਏ ਹਨ, ਜੋ ਲੋੜ ਅਨੁਸਾਰ ਕੰਮ ਦੀ ਸਪੀਡ ਅਤੇ ਬਿਜਲੀ ਦੀ ਖ਼ਪਤ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ।
ਐਪਲ ਦੇ ਦਾਅਵੇ ਅਨੁਸਾਰ, M6 ਚਿੱਪ ਵਾਲਾ ਮੈਕਬੁੱਕ ਪ੍ਰੋ ਪੁਰਾਣੇ M5 ਮਾਡਲ ਦੇ ਮੁਕਾਬਲੇ 30 ਫੀਸਦੀ ਤੱਕ ਬਿਹਤਰ ਗ੍ਰਾਫ਼ਿਕਸ ਪਰਫ਼ਾਰਮੈਂਸ ਅਤੇ AI ਕੰਮਾਂ ਵਿੱਚ 25 ਫੀਸਦੀ ਤੱਕ ਬਿਹਤਰ ਪ੍ਰਦਰਸ਼ਨ ਦਿੰਦਾ ਹੈ। ਇਸ ਚਿੱਪ ਵਿੱਚ AI ਲਈ ਖ਼ਾਸ ਹਾਰਡਵੇਅਰ ਦਿੱਤਾ ਗਿਆ ਹੈ, ਜਿਸ ਨਾਲ ਕਈ ਏ.ਆਈ. ਮਾਡਲ ਸਿੱਧੇ ਕੰਪਿਊਟਰ 'ਤੇ ਹੀ ਚੱਲ ਸਕਣਗੇ ਅਤੇ ਹਰ ਕੰਮ ਲਈ ਇੰਟਰਨੈੱਟ ਸਰਵਰ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਨਾਲ ਡਾਟਾ ਸੁਰੱਖਿਆ ਵੀ ਬਿਹਤਰ ਹੋਵੇਗੀ।
ਨਵੇਂ ਮੈਕਬੁੱਕ ਪ੍ਰੋ ਵਿੱਚ ਐਪਲ ਦੀ N1 ਵਾਇਰਲੈੱਸ ਚਿੱਪ ਦੇ ਨਾਲ ਵਾਈ-ਫ਼ਾਈ 7 (Wi-Fi 7) ਅਤੇ ਬਲੂਟੁੱਥ 6 (Bluetooth 6) ਦਾ ਸਪੋਰਟ ਮਿਲਦਾ ਹੈ। ਇਹ ਦੋ ਬਾਹਰੀ 4K ਡਿਸਪਲੇਅ ਨੂੰ 165Hz ਤੱਕ ਦੇ ਰਿਫ਼ਰੈਸ਼ ਰੇਟ 'ਤੇ ਚਲਾਉਣ ਵਿੱਚ ਸਮਰੱਥ ਹੈ। ਇਸ ਦਾ ਸ਼ੁਰੂਆਤੀ ਮਾਡਲ 1TB ਸਟੋਰੇਜ ਨਾਲ ਆਉਂਦਾ ਹੈ, ਜੋ ਵੱਡੀਆਂ ਵੀਡੀਓ ਫਾਈਲਾਂ ਅਤੇ ਪ੍ਰੋਜੈਕਟਾਂ 'ਤੇ ਕੰਮ ਕਰਨ ਵਾਲੇ ਯੂਜ਼ਰਾਂ ਲਈ ਫਾਇਦੇਮੰਦ ਹੋਵੇਗਾ।
ਭਾਰਤ ਵਿੱਚ 14-ਇੰਚ ਮੈਕਬੁੱਕ ਪ੍ਰੋ ਦੀ ਸ਼ੁਰੂਆਤੀ ਕੀਮਤ 2,39,900 ਰੁਪਏ ਰੱਖੀ ਗਈ ਹੈ, ਜਦਕਿ ਨਵੇਂ ਆਈਮੈਕ ਦੀ ਸ਼ੁਰੂਆਤੀ ਕੀਮਤ 1,74,900 ਰੁਪਏ ਹੈ। ਐਪਲ ਦੇ ਭਾਰਤੀ ਆਨਲਾਈਨ ਸਟੋਰ 'ਤੇ ਇਨ੍ਹਾਂ ਨਵੇਂ ਮੈਕ ਕੰਪਿਊਟਰਾਂ ਲਈ ਪ੍ਰੀ-ਆਰਡਰ ਪ੍ਰਕਿਰਿਆ 28 ਅਕਤੂਬਰ ਤੋਂ ਸ਼ੁਰੂ ਹੋਵੇਗੀ। ਰਿਪੋਰਟਾਂ ਅਨੁਸਾਰ ਇਨ੍ਹਾਂ ਦੀ ਅਧਿਕਾਰਤ ਵਿਕਰੀ 6 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੰਪਨੀ ਮੁਤਾਬਕ ਵੱਖ-ਵੱਖ ਕੌਨਫ਼ਿਗਰੇਸ਼ਨ, ਮੈਮੋਰੀ ਅਤੇ ਸਟੋਰੇਜ ਦੇ ਹਿਸਾਬ ਨਾਲ ਇਹ ਕੀਮਤਾਂ ਵਧ ਸਕਦੀਆਂ ਹਨ।
