ਡ੍ਰੈਗਨ ਦੇ ਗੁੱਸੇ ਨਾਲ ਖ਼ੌਫ ’ਚ ਇਮਰਾਨ, ਚੀਨੀ ਨਾਗਰਿਕਾਂ ਦੀ ਸਖ਼ਤ ਸੁਰੱਖਿਆ ਦਾ ਦਿੱਤਾ ਭਰੋਸਾ

Monday, Aug 09, 2021 - 05:10 PM (IST)

ਇੰਟਰਨੈਸ਼ਨਲ ਡੈਸਕ : ਦਾਸੂ ਬੰਨ੍ਹ ਦੇ ਨਿਰਮਾਣ ਸਥਾਨ ’ਤੇ ਚੀਨੀ ਇੰਜੀਨੀਅਰਾਂ ਤੇ ਮਜ਼ਦੂਰਾਂ ਨੂੰ ਲਿਜਾ ਰਹੀ ਬੱਚ ’ਚ 14 ਜੁਲਾਈ ਨੂੰ ਹੋਏ ਧਮਾਕੇ ’ਚ ਮਾਰੇ ਗਏ 9 ਚੀਨੀ ਕਰਮਚਾਰੀਆਂ ਦੀ ਮੌਤ ਨਾਲ ਚੀਨ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਹੈ। ਡ੍ਰੈਗਨ ਦੇ ਗੁੱਸੇ ਨਾਲ ਖ਼ੌਫ਼ਜ਼ਦਾ ਪਾਕਿ ਦੀ ਇਮਰਾਨ ਖਾਨ ਸਰਕਾਰ ਹੁਣ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਟੈਨਸ਼ਨ ’ਚ ਹੈ। ਪਾਕਿਸਤਾਨ ਨੇ ਐਤਵਾਰ ਚੀਨ ਨੂੰ ਭਰੋਸਾ ਦਿੱਤਾ ਕਿ ਉਹ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਪ੍ਰਾਜੈਕਟ ਸਣੇ ਦੇਸ਼ ’ਚ ਵੱਖ-ਵੱਖ ਪ੍ਰਾਜੈਕਟਾਂ ’ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਨੂੰ ਪੂਰਨ ਸੁਰੱਖਿਆ ਮੁਹੱਈਆ ਕਰੇਗਾ।

ਇਹ ਵੀ ਪੜ੍ਹੋ : ਦਿੱਲੀ ਪਹੁੰਚੇ ਟੋਕੀਓ ਓਲੰਪਿਕ ਦੇ ਸਿਤਾਰੇ, ਏਅਰਪੋਰਟ ’ਤੇ ਹੋਇਆ ਸ਼ਾਨਦਾਰ ਸਵਾਗਤ

ਇਨ੍ਹਾਂ ਪ੍ਰਾਜੈਕਟਾਂ ’ਚ ਕੰਮ ਕਰ ਰਹੇ ਚੀਨੀ ਮਜ਼ਦੂਰਾਂ ਖ਼ਿਲਾਫ ਹਾਲ ਹੀ ਦੇ ਹਫਤਿਆਂ ’ਚ ਹਿੰਸਾ ਵਧਣ ’ਤੇ ਪਾਕਿਸਤਾਨ ਦਾ ਇਹ ਬਿਆਨ ਆਇਆ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਦੀ ਖ਼ਬਰ ਅਨੁਸਾਰ ਚੀਨ ਦੇ ਰਾਜਦੂਤ ਨੋਂਗ ਰੋਂਗ ਨੇ ਰਾਵਲਪਿੰਡੀ ’ਚ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨਾਲ ਮੁਲਾਕਾਤ ਕੀਤੀ ਤੇ ਦੇਸ਼ ’ਚ ਚੀਨੀ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸੁਰੱਖਿਆ ’ਤੇ ਚਰਚਾ ਕੀਤੀ। ਰਾਸ਼ਿਦ ਨੇ ਨੋਂਗ ਰੋਂਗ ਨੂੰ ਕਿਹਾ ਕਿ ਪਾਕਿਸਤਾਨ ਦੇਸ਼ ’ਚ ਵੱਖ-ਵੱਖ ਪ੍ਰਾਜੈਕਟਾਂ ’ਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਸੀ. ਪੀ. ਈ. ਸੀ. ਪ੍ਰਾਜੈਕਟ ‘ਕਿਸੇ ਬਾਹਰੀ ਸਾਜ਼ਿਸ਼ ਦਾ ਸ਼ਿਕਾਰ’ ਨਹੀਂ ਬਣੇਗਾ।

ਮੰਤਰੀ ਨੇ ਕਿਹਾ ਕਿ ਕੋਈ ਵੀ ਤਾਕਤ ਪਾਕਿਸਤਾਨ ਤੇ ਚੀਨ ਦੇ ਸਬੰਧਾਂ ’ਚ ਰੁਕਾਵਟ ਨਹੀਂ ਬਣ ਸਕਦੀ। ਅਖਬਾਰ ਮੁਤਾਬਕ ਬੈਠਕ ਦੌਰਾਨ, ਉਨ੍ਹਾਂ ਦੇਸ਼ਾਂ ਦੇ ਦੋਪੱਖੀ ਸਬੰਧਾਂ ਸਣੇ ਆਪਸੀ ਹਿੱਤ ਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ। ਉਸਾਰੀ ਅਧੀਨ ਦਾਸੂ ਬੰਨ੍ਹ ਦੇ ਉਸਾਰੀ ਸਥਾਨ ’ਤੇ ਚੀਨੀ ਇੰਜੀਨੀਅਰਾਂ ਤੇ ਮਜ਼ਦੂਰਾਂ ਨੂੰ ਲਿਜਾ ਰਹੀ ਇਕ ਬੱਸ ’ਤੇ 14 ਜੁਲਾਈ ਨੂੰ ਹੋਏ ਧਮਾਕੇ ’ਤੇ ਵੀ ਚਰਚਾ ਹੋਈ ਤੇ ਦੋਵਾਂ ਪੱਖਾਂ ਨੇ ਜਲਦ ਤੋਂ ਜਲਦ ਇਸ ਘਟਨਾ ਦੀ ਜਾਂਚ ਪੂਰੀ ਕਰਨ ਦਾ ਫ਼ੈਸਲਾ ਕੀਤਾ। ਇਸ ਘਟਨਾ ’ਚ 9 ਚੀਨੀ ਨਾਗਰਿਕਾਂ ਸਣੇ ਘੱਟ ਤੋਂ ਘੱਟ 13 ਲੋਕ ਮਾਰੇ ਗਏ ਸਨ। ਉਪਰੀ ਕੋਹਿਸਤਾਨ ਜ਼ਿਲ੍ਹੇ ’ਚ ਧਮਾਕੇ ਤੋਂ ਬਾਅਦ ਬੱਸ ਡੂੰਘੀ ਖੱਡ ’ਚ ਡਿਗ ਗਈ ਸੀ। ਧਮਾਕੇ ਤੋਂ ਬਾਅਦ ਚੀਨ ਨੇ ਪਾਕਿਸਤਾਨ ਤੋਂ ਭਰਮਾਊ ਸੂਚਨਾ ਮਿਲਣ ਵਿਚਾਲੇ ਮਾਹਿਰਾਂ ਦੀ 15 ਮੈਂਬਰੀ ਟੀਮ ਨੂੰ ਰਵਾਨਾ ਕੀਤਾ ਸੀ। ਸ਼ੁਰੂਆਤ ’ਚ ਪਾਕਿਸਤਾਨ ਨੇ ਕਿਹਾ ਕਿ ਇਹ ਗੈਸ ਧਮਾਕੇ ਦਾ ਮਾਮਲਾ ਹੋ ਸਕਦਾ ਹੈ। ਬਾਅਦ ’ਚ ਪਾਕਿਸਤਾਨ ਨੇ ਸਵੀਕਾਰ ਕੀਤਾ ਕਿ ਇਹ ਇਕ ਬੱਸ ਧਮਾਕਾ ਸੀ। ਇਕ ਹੋਰ ਘਟਨਾ ’ਚ ਅਣਪਛਾਤੇ ਬੰਦੂਕਧਾਰੀਆਂ ਨੇ ਪਿਛਲੇ ਮਹੀਨੇ ਚੀਨੀ ਕਾਰਖਾਨੇ ਦੇ ਦੋ ਮਜ਼ਦੂਰਾਂ ਨੂੰ ਲਿਜਾ ਰਹੇ ਇਕ ਵਾਹਨ ’ਤੇ ਗੋਲੀ ਚਲਾਈ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਨਾਪਾਕ ਇਰਾਦੇ, 8 ਸਾਲਾ ਮਾਸੂਮ ਹਿੰਦੂ ਬੱਚੇ ਨੂੰ ਬਣਾਇਆ ਈਸ਼ਨਿੰਦਾ ਦਾ ਦੋਸ਼ੀ


Manoj

Content Editor

Related News