ਫਰਿਜ਼ਨੋ "ਚ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, 7 ਬੱਚਿਆਂ ਸਣੇ 9 ਲੋਕਾਂ ਦੀ ਮੌਤ

01/04/2021 5:02:04 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਕਾਉਂਟੀ ਵਿਚ ਹੁੰਦੇ ਸੜਕ ਹਾਦਸਿਆਂ 'ਚ ਇਕ ਹੋਰ ਭਿਆਨਕ ਹਾਦਸੇ ਦੀ ਗਿਣਤੀ ਸ਼ਾਮਲ ਹੋ ਗਈ ਹੈ। ਕੈਲੀਫੋਰਨੀਆ ਦੇ ਹਾਈਵੇਅ ਪੈਟਰੋਲ (ਸੀ. ਐੱਚ. ਪੀ.) ਦੇ ਅਨੁਸਾਰ ਫਰਿਜ਼ਨੋ ਕਾਉਂਟੀ ਦੇ ਹਾਈਵੇਅ 33 'ਤੇ ਸ਼ੁੱਕਰਵਾਰ ਨੂੰ ਇਕ ਭਿਆਨਕ ਟੱਕਰ ਵਿਚ ਸੱਤ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਵਾਪਰੀ ਹੈ।

ਸੀ. ਐੱਚ. ਪੀ. ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਦੇ ਤਕਰੀਬਨ 8 ਵਜੇ ਇਕ 28 ਸਾਲਾ ਵਿਅਕਤੀ ਡਾਜ ਕਾਰ ਵਿਚ ਸ਼ਟਰ ਐਵੀਨਿਊ ਦੇ ਦੱਖਣ ਵੱਲ ਹਾਈਵੇਅ 33 'ਤੇ ਜਾ ਰਿਹਾ ਸੀ। ਉਸੇ ਸਮੇਂ ਇਕ 2007 ਫੋਰਡ ਵਾਹਨ ਉੱਤਰ ਵੱਲ ਜਾ ਰਿਹਾ ਸੀ, ਜਿਸ ਵਿੱਚ ਅੱਠ ਵਿਅਕਤੀ ਸਵਾਰ ਸਨ। ਅਧਿਕਾਰੀਆਂ ਅਨੁਸਾਰ ਡਾਜ ਵਿਚਲੇ ਇਕ ਵਿਅਕਤੀ ਨੇ ਆਪਣੀ ਕਾਰ ਨੂੰ ਕਿਸੇ ਅਣਜਾਣ ਕਾਰਨ ਕਰਕੇ ਸੜਕ ਦੇ ਕੰਢੇ 'ਤੇ ਉਤਾਰਿਆ ਅਤੇ ਦੁਬਾਰਾ ਲੇਨ ਵਿਚ ਜਾਣ ਤੇ ਦੋਨੋਂ ਵਾਹਨ ਐਵੇਨਾਲ ਦੇ ਪੱਛਮ ਵੱਲ ਹਾਈਵੇਅ 'ਤੇ ਆਪਸ ਵਿੱਚ ਟਕਰਾ ਗਏ। 

ਇਸ ਟੱਕਰ ਦੌਰਾਨ ਵਾਹਨ ਅੱਗ ਦੀ ਲਪੇਟ ਵਿੱਚ ਵੀ ਆ ਗਏ ਸਨ। ਡਾਜ ਕਾਰ ਦੇ ਡਰਾਈਵਰ ਦੀ ਪਛਾਣ ਫਰਿਜ਼ਨੋ ਕਾਉਂਟੀ ਕੋਰੋਨਰ ਦੇ ਦਫ਼ਤਰ ਦੁਆਰਾ ਐਵੇਨਲ ਦੇ ਡੈਨੀਅਲ ਲੂਨਾ ਵਜੋਂ ਕੀਤੀ ਗਈ ਹੈ। ਸੀ. ਐੱਚ. ਪੀ. ਅਨੁਸਾਰ ਐਮਰਜੈਂਸੀ ਅਮਲੇ ਦੇ ਘਟਨਾ ਸਥਾਨ 'ਤੇ ਪਹੁੰਚਣ ਵੇਲੇ ਫੋਰਡ ਦਾ ਵਾਹਨ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ ਅਤੇ ਵਾਹਨ ਵਿਚ 8 ਯਾਤਰੀ ਸਵਾਰ ਸਨ ਅਤੇ ਸਾਰੇ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਸੀ. ਐੱਚ. ਪੀ. ਨੇ ਸ਼ਨੀਵਾਰ ਸਵੇਰੇ ਜਾਣਕਾਰੀ ਦਿੱਤੀ ਕਿ ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ ਜਦਕਿ ਫੋਰਡ ਵਿਚਲੇ ਯਾਤਰੀਆਂ ਦੀ ਫਿਲਹਾਲ ਕੋਈ ਪਛਾਣ ਜਾਂ ਨਾਮ ਜਾਰੀ ਨਹੀਂ ਕੀਤਾ ਗਿਆ ਹੈ, ਇਸ ਸੰਬੰਧੀ ਘੋਸ਼ਣਾ ਸੀ. ਐੱਚ. ਪੀ. ਵੱਲੋਂ ਨਿਊਜ਼ ਕਾਨਫਰੰਸ ਵਿੱਚ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਅਨੁਸਾਰ ਫੋਰਡ ਦਾ ਡਰਾਈਵਰ ਬਾਲਗ ਸੀ ਅਤੇ ਸਾਰੇ ਯਾਤਰੀ 6 ਤੋਂ 15 ਸਾਲ ਦੇ ਬੱਚੇ ਸਨ।


Lalita Mam

Content Editor

Related News