ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਕੋਰੋਨਾ ਪਾਜ਼ੇਟਿਵ

Tuesday, Nov 23, 2021 - 05:27 PM (IST)

ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਕੋਰੋਨਾ ਪਾਜ਼ੇਟਿਵ

ਪੈਰਿਸ (ਭਾਸ਼ਾ)- ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਸੋਮਵਾਰ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਬੈਲਜੀਅਮ ਦੀ ਯਾਤਰਾ ਤੋਂ ਪਰਤਣ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਕਾਸਟੈਕਸ ਅਗਲੇ 10 ਦਿਨਾਂ ਤੱਕ ਇਕਾਂਤਵਾਸ ਵਿਚ ਰਹਿ ਕੇ ਆਪਣਾ ਕੰਮ ਕਰਨਾ ਜਾਰੀ ਰੱਖਣਗੇ। ਅਧਿਕਾਰੀਆਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕੀ ਕਾਸਟੈਕਸ ਵਿਚ ਲਾਗ ਦੇ ਕੋਈ ਲੱਛਣ ਸਨ ਜਾਂ ਨਹੀਂ। ਦਫ਼ਤਰ ਨੇ ਕਿਹਾ ਕਿ ਜੀਨ ਕਾਸਟੈਕਸ ਦੇ ਬੈਲਜੀਅਮ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੀ ਇਕ ਬੇਟੀ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਕਾਸਟੈਕਸ ਦੇ 2 ਟੈਸਟ ਕੀਤੇ ਗਏ ਅਤੇ ਉਹ ਵੀ ਪਾਜ਼ੇਟਿਵ ਪਾਏ ਗਏ।

ਕਾਸਟੈਕਸ ਨੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਨਾਲ ਬ੍ਰਸੇਲਜ਼ ਵਿਚ ਮੁਲਾਕਾਤ ਕੀਤੀ ਸੀ। ਸਰਕਾਰੀ ਪ੍ਰਸਾਰਕ ਅਨੁਸਾਰ ਕਰੂ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਮੰਗਲਵਾਰ ਨੂੰ ਟੈਸਟ ਕੀਤਾ ਜਾਵੇਗਾ ਅਤੇ ਰਿਪੋਰਟ ਆਉਣ ਤੱਕ ਉਹ ਇਕਾਂਤਵਾਸ ਵਿਚ ਰਹਿਣਗੇ। ਫਰਾਂਸ ਵਿਚ 75 ਪ੍ਰਤੀਸ਼ਤ ਆਬਾਦੀ ਨੂੰ ਕੋਵਿਡ-19 ਰੋਕੂ ਟੀਕੇ ਲੱਗਣ ਦੇ ਬਾਵਜੂਦ ਬੀਤੇ ਕੁਝ ਹਫ਼ਤਿਆਂ ਤੋਂ ਸੰਕਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜ਼ਿਆਦਾ ਗਿਣਤੀ ਵਿਚ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਜਾ ਰਿਹਾ ਹੈ ਅਤੇ ਸੰਕਰਮਣ ਕਾਰਨ ਮੌਤਾਂ ਦੇ ਮਾਮਲੇ ਵੀ ਵਧੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਪਿਛਲੇ ਸਾਲ ਦਸੰਬਰ ਵਿਚ ਸੰਕਰਮਿਤ ਹੋਏ ਸਨ ਅਤੇ ਕਈ ਹੋਰ ਮੰਤਰੀ ਵੀ ਸੰਕਰਮਣ ਦੀ ਲਪੇਟ ਵਿਚ ਆ ਚੁੱਕੇ ਹਨ।


 


author

cherry

Content Editor

Related News