ਫਰਾਂਸੀਸੀ ਰਾਸ਼ਟਰਪਤੀ ਦਾ ਤਾਲਿਬਾਨ ’ਤੇ ਤਿੱਖਾ ਬਿਆਨ, ਕਿਹਾ– ‘ਗੱਲਬਾਤ ਦਾ ਮਤਲਬ ਉਨ੍ਹਾਂ ਦੀ ਮਾਨਤਾ ਨਹੀਂ’
Tuesday, Aug 31, 2021 - 03:20 PM (IST)
ਪੈਰਿਸ (ਬਿਊਰੋ)– ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਤਵਾਰ ਨੂੰ ਤਿੱਖੇ ਸ਼ਬਦਾਂ ’ਚ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਦਾ ਮਤਲਬ ਉਨ੍ਹਾਂ ਦੀ ਮਾਨਤਾ ਨਹੀਂ ਹੈ। ਇਕ ਇੰਟਰਵਿਊ ’ਚ ਮੈਕਰੋਂ ਨੇ ਕਿਹਾ, ‘ਇਹ ਗੱਲਬਾਤ ਨਿਕਾਸੀ ਲਈ ਜ਼ਰੂਰੀ ਹੈ। ਤਾਲਿਬਾਨ ਕਾਬੁਲ ਤੇ ਅਫਗਾਨਿਸਤਾਨ ਦੇ ਇਲਾਕੇ ਨੂੰ ਕੰਟਰੋਲ ਕਰਦਾ ਹੈ, ਇਸ ਲਈ ਸਾਨੂੰ ਚਰਚਾ ਜਾਰੀ ਰੱਖਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਉਨ੍ਹਾਂ ਦੀ ਮਾਨਤਾ ਨਹੀਂ ਹੈ। ਅਸੀਂ ਉਨ੍ਹਾਂ ਲਈ ਸ਼ਰਤਾਂ ਰੱਖੀਆਂ ਹਨ।’
ਫਰਾਂਸੀਸੀ ਨੇਤਾ ਮੁਤਾਬਕ ਇਹ ਸ਼ਰਤਾਂ ਮਨੁੱਖੀ ਅਧਿਕਾਰਾਂ ਤੇ ਅਫਗਾਨ ਮਹਿਲਾਵਾਂ ਦੇ ਮਾਣ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਮੈਕਰੋਂ ਨੇ ਸ਼ਨੀਵਾਰ ਨੂੰ ਿਕਹਾ ਕਿ ਫਰਾਂਸ ਨੇ ਤਾਲਿਬਾਨ ਨਾਲ ਮਨੁੱਖੀ ਅਭਿਆਨਾਂ ਦੇ ਆਯੋਜਨ ਤੇ ਅਫਗਾਨਿਸਤਾਨ ਤੋਂ ਨਿਕਾਸੀ ਜਾਰੀ ਰੱਖਣ ’ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਫਰਾਂਸੀਸੀ ਰਾਸ਼ਰਟਪਤੀ ਇਮੈਨੁਅਲ ਮੈਕਰੋਂ ਨੇ ਜਰਨਲ ਡੂ ਡਿਮਾਂਚੋ ਨਾਲ ਇਕ ਇੰਟਰਵਿਊ ’ਚ ਕਿਹਾ ਸੀ ਕਿ ਪੈਰਿਸ ਤੇ ਲੰਡਨ ਸੋਮਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਸੁਰੱਖਿਅਤ ਖੇਤਰ ਬਣਾਉਣ ਦੀ ਮੰਗ ਕਰਨਗੇ, ਜਿਸ ਨਾਲ ਮਨੁੱਖੀ ਕਾਰਜਾਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਮਿਲਣ ਦੀ ਉਮੀਦ ਹੈ।
ਫਰਾਂਸੀਸੀ ਰਾਸ਼ਟਰਪਤੀ ਨੇ ਸਮਝਾਇਆ ਕਿ ਅਜਿਹਾ ਸੁਰੱਖਿਅਤ ਖੇਤਰ ਸੰਯੁਕਤ ਰਾਸ਼ਟਰ ਨੂੰ ਐਮਰਜੈਂਸੀ ਦੀ ਸਥਿਤੀ ’ਚ ਕੰਮ ਕਰਨ ਲਈ ਇਕ ਢਾਂਚਾ ਪ੍ਰਦਾਨ ਕਰੇਗਾ। ਮੈਕਰੋਂ ਨੇ ਇਹ ਵੀ ਕਿਹਾ ਕਿ ਫਰਾਂਸ ਏਅਰਲਿਫਟ ਸੰਚਾਲਨ ਨਾਲ ਸਬੰਧਤ ਮਾਮਲਿਆਂ ’ਚ ਕਤਰ ਦੀ ਮਦਦ ’ਤੇ ਭਰੋਸਾ ਕਰ ਰਿਹਾ ਹੈ।
ਸ਼ਨੀਵਾਰ ਨੂੰ ਮੈਕਰੋਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਾਲਿਬਾਨ ਨਾਲ ਮਨੁੱਖੀ ਅਭਿਆਨਾਂ ਤੇ ਕਮਜ਼ੋਰ ਅਫਗਾਨਾਂ ਨੂੰ ਕੱਢਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।