ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਖਿਲਾਫ ਕਤਲ ਦੇ ਚਾਰ ਹੋਰ ਮਾਮਲੇ ਦਰਜ

Sunday, Aug 25, 2024 - 08:44 PM (IST)

ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਖਿਲਾਫ ਕਤਲ ਦੇ ਚਾਰ ਹੋਰ ਮਾਮਲੇ ਦਰਜ

ਢਾਕਾ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਸਹਿਯੋਗੀਆਂ ਦੇ ਖਿਲਾਫ ਕਤਲ ਦੇ ਘੱਟੋ-ਘੱਟ ਚਾਰ ਹੋਰ ਮਾਮਲੇ ਦਰਜ ਕੀਤੇ ਗਏ ਹਨ। ਐਤਵਾਰ ਨੂੰ ਮੀਡੀਆ 'ਚ ਆਈਆਂ ਖਬਰਾਂ ਤੋਂ ਇਹ ਜਾਣਕਾਰੀ ਮਿਲੀ। 

ਸਰਕਾਰੀ ਨਿਊਜ਼ ਏਜੰਸੀ ਦੀ ਖਬਰ ਮੁਤਾਬਕ, ਸਾਲ 2010 'ਚ ਬੰਗਲਾਦੇਸ਼ ਰਾਈਫਲਸ (ਬੀ.ਡੀ.ਆਰ.) ਦੇ ਇਕ ਅਧਿਕਾਰੀ ਅਬਦੁਰ ਰਹੀਮ ਦੀ ਮੌਤ ਦੇ ਮਾਮਲੇ 'ਚ ਐਤਵਾਰ ਨੂੰ ਹਸੀਨਾ (76), ਬੰਗਲਾਦੇਸ਼ ਬਾਰਡਰ ਗਾਰਡ ਫੋਰਸ (ਬੀ.ਜੀ.ਬੀ.) ਦੇ ਸਾਬਕਾ ਡਾਇਰੈਕਟਰ ਜਨਰਲ ਅਜ਼ੀਜ਼ ਅਹਿਮਦ ਅਤੇ 11 ਹੋਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਬੀ.ਡੀ.ਆਰ. ਦੇ ਸਹਾਇਕ ਡਿਪਟੀ ਡਾਇਰੈਕਟਰ ਰਹੇ ਰਹੀਮ 2010 ਵਿੱਚ ਪਿਲਖਾਨਾ ਕਤਲੇਆਮ ਦੇ ਸਬੰਧ ਵਿੱਚ ਦਰਜ ਮਾਮਲੇ ਵਿੱਚ ਮੁਲਜ਼ਮ ਸੀ। ਉਸੇ ਸਾਲ 29 ਜੁਲਾਈ ਨੂੰ ਹਿਰਾਸਤ ਦੌਰਾਨ ਜੇਲ੍ਹ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਰਹੀਮ ਦੇ ਬੇਟੇ ਐਡਵੋਕੇਟ ਅਬਦੁਲ ਅਜ਼ੀਜ਼ ਨੇ ਢਾਕਾ ਮੈਟਰੋਪੋਲੀਟਨ ਮੈਜਿਸਟ੍ਰੇਟ ਮੁਹੰਮਦ ਅਖਤਰ ਉਜ਼ਮਾਨ ਦੀ ਅਦਾਲਤ 'ਚ ਕੇਸ ਦਾਇਰ ਕੀਤਾ।

ਨਿਊਜ਼ ਏਜੰਸੀ ਨੇ ਦੱਸਿਆ ਕਿ 18 ਜੁਲਾਈ ਨੂੰ ਭੇਦਭਾਵ ਵਿਰੋਧੀ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਮਿਲਟਰੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਐੱਮ.ਆਈ.ਐੱਸ.ਟੀ.) ਦੇ ਵਿਦਿਆਰਥੀ ਦੇ ਕਤਲ ਦੇ ਸਬੰਧ ਵਿੱਚ ਹਸੀਨਾ ਅਤੇ 48 ਹੋਰਾਂ ਖ਼ਿਲਾਫ਼ ਐਤਵਾਰ ਨੂੰ ਇੱਕ ਹੋਰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀੜਤ ਸ਼ੇਖ ਅਸ਼ਬੁਲ ਯਾਮੀਨ ਦੇ ਚਾਚਾ ਅਬਦੁੱਲਾ-ਅਲ ਕਬੀਰ ਨੇ ਐਤਵਾਰ ਨੂੰ ਢਾਕਾ ਦੇ ਸੀਨੀਅਰ ਜੁਡੀਸ਼ੀਅਲ ਮੈਜਿਸਟ੍ਰੇਟ ਮੁਹੰਮਦ ਸੈਫੁਲ ਇਸਲਾਮ ਦੀ ਅਦਾਲਤ ਵਿਚ 49 ਦੋਸ਼ੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਨ ਲਈ ਇਕ ਪਟੀਸ਼ਨ ਦਾਇਰ ਕੀਤੀ।

ਇਸ ਮਾਮਲੇ ਵਿੱਚ ਅਵਾਮੀ ਲੀਗ ਦੇ ਜਨਰਲ ਸਕੱਤਰ ਅਤੇ ਸਾਬਕਾ ਸੜਕੀ ਆਵਾਜਾਈ ਅਤੇ ਪੁਲ ਮੰਤਰੀ ਓਬੈਦੁਲ ਕਾਦਰ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਅਤੇ ਹੋਰਾਂ ਨੂੰ ਦੋਸ਼ੀ ਬਣਾਇਆ ਗਿਆ ਹੈ।

ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਵਿੱਚ ਟ੍ਰੇਡਿੰਗ ਕਾਰਪੋਰੇਸ਼ਨ ਆਫ ਬੰਗਲਾਦੇਸ਼ (ਟੀ.ਸੀ.ਬੀ.) ਉਤਪਾਦਾਂ ਦੇ ਵਿਕਰੇਤਾ ਦੇ ਕਤਲ ਦੇ ਮਾਮਲੇ ਵਿੱਚ ਹਸੀਨਾ ਅਤੇ 27 ਹੋਰਾਂ ਵਿਰੁੱਧ ਇੱਕ ਵੱਖਰਾ ਕੇਸ ਦਰਜ ਕੀਤਾ ਗਿਆ ਸੀ।

ਅਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਅਤੇ ਸਾਬਕਾ ਮੰਤਰੀ ਅਨੀਸੁਲ ਹੱਕ ਅਤੇ ਤਾਜੁਲ ਇਸਲਾਮ ਮਾਮਲੇ ਦੇ ਹੋਰ ਮੁੱਖ ਦੋਸ਼ੀ ਹਨ।


author

Rakesh

Content Editor

Related News