ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕਣ ਵਾਲੇ 4 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
Friday, Aug 04, 2023 - 04:23 PM (IST)
ਲੰਡਨ (ਭਾਸ਼ਾ)- ਉੱਤਰੀ ਇੰਗਲੈਂਡ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕਣ ਦੇ ਦੋਸ਼ ਵਿਚ ਵੀਰਵਾਰ ਨੂੰ ਗ੍ਰੀਨਪੀਸ ਦੇ 4 ਜਲਵਾਯੂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਉੱਤਰੀ ਸਾਗਰ ਤੇਲ ਅਤੇ ਗੈਸ ਡ੍ਰਿਲਿੰਗ ਦੇ ਵਿਸਥਾਰ ਲਈ ਸੁਨਕ ਦੇ ਹਾਲ ਹੀ ਦੇ ਸਮਰਥਨ ਦੇ ਵਿਰੋਧ ਵਿੱਚ ਇਹ ਕਦਮ ਚੁੱਕਿਆ। ਗ੍ਰੀਨਪੀਸ ਕਾਰਕੁਨ ਉੱਤਰੀ ਯੌਰਕਸ਼ਾਇਰ ਦੇ ਰਿਚਮੰਡ ਵਿੱਚ ਸੁਨਕ ਦੇ ਘਰ ਦੀ ਛੱਤ 'ਤੇ ਚੜ੍ਹ ਗਏ ਅਤੇ ਉਸ ਨੂੰ ਕਾਲੇ ਕੱਪੜੇ ਨਾਲ ਢੱਕ ਦਿੱਤਾ। ਸਥਾਨਕ ਉੱਤਰੀ ਯੌਰਕਸ਼ਾਇਰ ਪੁਲਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਦੇ ਅਧਿਕਾਰੀਆਂ ਨੇ ਕਿਰਬੀ ਸਿਗਸਟਨ ਵਿੱਚ ਪ੍ਰਧਾਨ ਮੰਤਰੀ ਦੇ ਘਰ 'ਤੇ ਹੋਈ ਕਾਰਵਾਈ ਦਾ ਜਵਾਬ ਦਿੱਤਾ ਸੀ।
ਪੁਲਸ ਨੇ ਕਿਹਾ, “ਅਧਿਕਾਰੀਆਂ ਨੇ ਖੇਤਰ ਨੂੰ ਕੰਟਰੋਲ ਵਿਚ ਲੈ ਲਿਆ ਹੈ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ ਘਰ ਨਹੀਂ ਹਨ।” ਪੁਲਸ ਨੇ ਵੀਰਵਾਰ ਦੁਪਹਿਰ ਨੂੰ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ, ਜਦੋਂ 4 ਪ੍ਰਦਰਸ਼ਨਕਾਰੀ ਆਖਰਕਾਰ ਲਗਭਗ 3 ਘੰਟਿਆਂ ਬਾਅਦ ਛੱਤ ਤੋਂ ਹੇਠਾਂ ਆ ਗਏ ਅਤੇ ਉਨ੍ਹਾਂ ਨੂੰ ਪੁਲਸ ਵੈਨ ਵਿੱਚ ਲਿਜਾਇਆ ਜਾਂਦਾ ਦੇਖਿਆ ਗਿਆ। ਸੁਨਕ, ਪਤਨੀ ਅਕਸ਼ਾ ਮੂਰਤੀ ਅਤੇ ਧੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਨਾਲ ਇਸ ਸਮੇਂ ਕੈਲੀਫੋਰਨੀਆ 'ਚ ਇਕ ਹਫ਼ਤੇ ਦੀਆਂ ਛੁੱਟੀਆਂ 'ਤੇ ਹਨ। ਘਟਨਾ ਬਾਰੇ ਪੁੱਛੇ ਜਾਣ 'ਤੇ, ਉਪ ਪ੍ਰਧਾਨ ਮੰਤਰੀ ਓਲੀਵਰ ਡਾਉਡੇਨ ਨੇ ਕਿਹਾ ਕਿ ਉਨ੍ਹਾਂ ਲੱਗਦਾ ਹੈ ਕਿ ਬ੍ਰਿਟਿਸ਼ ਲੋਕ "ਇਨ੍ਹਾਂ ਮੂਰਖਤਾ ਭਰੀਆਂ ਕਾਰਵਾਈਆਂ ਤੋਂ ਤੰਗ ਆ ਚੁੱਕੇ ਹਨ"। ਗ੍ਰੀਨਪੀਸ ਦੇ 2 ਹੋਰ ਕਾਰਕੁਨਾਂ ਨੇ "ਰਿਸ਼ੀ ਸੁਨਕ - ਤੇਲ ਤੋਂ ਕਮਾਈ ਜਾਂ ਸਾਡਾ ਭਵਿੱਖ?" ਲਿਖਿਆ ਹੋਇਆ ਇਕ ਬੈਨਰ ਉਨ੍ਹਾਂ ਦੇ ਘਰ ਦੇ ਅੱਗੇ ਲਹਿਰਾਇਆ।