ਪਾਕਿ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਇਮਰਾਨ, ਜੁਟਾਏ 5 ਅਰਬ ਰੁਪਏ
Wednesday, Aug 31, 2022 - 10:15 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿੱਚ ਭਿਆਨਕ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਅੰਤਰਰਾਸ਼ਟਰੀ ਟੈਲੀਥੌਨ ਰਾਹੀਂ ਪੰਜ ਅਰਬ ਰੁਪਏ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ।ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਖਾਨ ਨੇ ਸੋਮਵਾਰ ਨੂੰ ਆਯੋਜਿਤ ਇਕ ਟੈਲੀਥੌਨ (ਦਾਨ ਲਈ ਪੈਸਾ ਇਕੱਠਾ ਕਰਨ ਲਈ ਲੰਬਾ ਪ੍ਰੋਗਰਾਮ) ਦੌਰਾਨ ਕਿਹਾ ਕਿ ਇਸ ਦਾ ਉਦੇਸ਼ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨਾ ਹੈ ਕਿਉਂਕਿ ਕੋਈ ਵੀ ਸਰਕਾਰ ਇਕੱਲੀ ਅਜਿਹੀ ਤਬਾਹੀ ਨਾਲ ਨਹੀਂ ਨਜਿੱਠ ਸਕਦੀ।
ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਰਾਹਤ ਅਤੇ ਪੁਨਰਵਾਸ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਬਹਾਲੀ ਲਈ ਫੰਡਾਂ ਦੀ ਮੰਗ ਕਰਨ ਲਈ ਇੱਕ ਅੰਤਰਰਾਸ਼ਟਰੀ ਅਪੀਲ ਕੀਤੀ ਸੀ। ਇਸ ਸਮੇਂ ਪੂਰਾ ਦੇਸ਼ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਪਾਕਿਸਤਾਨ ਦੇ ਇਕ ਪ੍ਰਮੁੱਖ ਅਖ਼ਬਾਰ ਨੇ ਖਾਨ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਹੜ੍ਹ ਕਾਰਨ ਇਕ ਹਜ਼ਾਰ ਅਰਬ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ।ਖਾਨ ਨੇ ਕਿਹਾ ਕਿ ਉਸਨੂੰ ਪਰਵਾਸੀਆਂ ਸਮੇਤ ਪਾਕਿਸਤਾਨੀਆਂ ਦੇ ਬਹੁਤ ਸਾਰੇ ਫੋਨ ਆਏ ਹਨ ਜੋ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਸਨ।ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਪੰਜਾਬ ਅਤੇ ਖੈਬਰ-ਪਖਤੂਨਖਵਾ ਸੂਬੇ ਦੀਆਂ ਸਰਕਾਰਾਂ ਦੁਆਰਾ ਖੋਲ੍ਹੇ ਗਏ ਦੋ ਬੈਂਕ ਖਾਤਿਆਂ ਵਿੱਚ ਦਾਨ ਕਰ ਸਕਦੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਦੇਸ਼ ਭਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੈਸਾ ਖਰਚਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ 'ਚ ਹੜ੍ਹ ਦਾ ਕਹਿਰ, UN 161 ਮਿਲੀਅਨ ਡਾਲਰ ਦੀ 'ਫਲੈਸ਼ ਅਪੀਲ' ਕਰਨ ਲਈ ਤਿਆਰ
ਉੱਧਰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਸੋਮਵਾਰ ਤੱਕ ਦੇਸ਼ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 1,136 ਹੋ ਗਈ, 1634 ਤੋਂ ਵੱਧ ਜ਼ਖਮੀ ਅਤੇ 33 ਮਿਲੀਅਨ (3 ਕਰੋੜ 30 ਲੱਖ) ਤੋਂ ਵੱਧ ਵਿਸਥਾਪਿਤ ਹਨ। ਸੰਘੀ ਯੋਜਨਾ ਅਤੇ ਵਿਸ਼ੇਸ਼ ਪਹਿਲਕਦਮੀਆਂ ਦੇ ਮੰਤਰੀ ਅਹਿਸਾਨ ਇਕਬਾਲ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਹੜ੍ਹ ਤੋਂ ਸ਼ੁਰੂਆਤੀ ਆਰਥਿਕ ਨੁਕਸਾਨ ਘੱਟੋ-ਘੱਟ 10 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੀ ਅਸਧਾਰਨ ਬਾਰਸ਼ ਕਾਰਨ ਆਏ ਬੇਮਿਸਾਲ ਹੜ੍ਹਾਂ ਨੇ ਸੜਕਾਂ, ਫਸਲਾਂ, ਬੁਨਿਆਦੀ ਢਾਂਚਾ ਅਤੇ ਪੁਲਾਂ ਨੂੰ ਵਹਾਇਆ ਹੈ। ਹੜ੍ਹ ਨਾਲ 33 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਪਾਕਿਸਤਾਨ ਵਿੱਚ ਮਾਨਸੂਨ ਦਾ ਮੌਸਮ ਜੁਲਾਈ ਤੋਂ ਸਤੰਬਰ ਤੱਕ ਚੱਲਦਾ ਹੈ। ਇਸ ਸਾਲ ਮੌਨਸੂਨ ਅਤੇ ਪ੍ਰੀ-ਮੌਨਸੂਨ ਮੀਂਹ ਨੇ ਪਾਕਿਸਤਾਨ ਵਿੱਚ ਤੀਹ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਐਨਡੀਐਮਏ ਦੇ ਅੰਕੜੇ ਦੱਸਦੇ ਹਨ ਕਿ 30 ਸਾਲਾਂ ਦੀ ਔਸਤ ਬਾਰਿਸ਼ 130.8 ਮਿਲੀਮੀਟਰ ਸੀ ਪਰ 2022 ਦੇ ਸੀਜ਼ਨ ਵਿੱਚ 375.4 ਮਿਲੀਮੀਟਰ ਬਾਰਸ਼ ਹੋਈ ਸੀ।ਰਿਪੋਰਟ ਮੁਤਾਬਕ ਇਕਬਾਲ ਨੇ ਕਿਹਾ ਕਿ 20 ਕਰੋੜ ਲੋਕਾਂ ਦੇ ਦੇਸ਼ ਨੂੰ ਮੁੜ ਬਣਾਉਣ ਅਤੇ ਮੁੜ ਵਸਣ ਲਈ ਪੰਜ ਸਾਲ ਲੱਗ ਸਕਦੇ ਹਨ। ਦੇਸ਼ ਅਨਾਜ ਦੀ ਕਮੀ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।