ਪਾਕਿਸਤਾਨ: ਇਮਰਾਨ ਦੇ ਠੀਕ ਹੋਣ ਤੱਕ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਕਰਨਗੇ ਮਾਰਚ ਦੀ ਅਗਵਾਈ

Monday, Nov 07, 2022 - 04:11 PM (IST)

ਲਾਹੌਰ (ਭਾਸ਼ਾ)- ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਮੁਖੀ ਇਮਰਾਨ ਖਾਨ ਦੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਇਸਲਾਮਾਬਾਦ ਤੱਕ ‘ਹਕੀਕੀ ਅਜ਼ਾਦੀ ਮਾਰਚ’ ਦੀ ਅਗਵਾਈ ਕਰਨਗੇ। ਖਾਨ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮੰਗਲਵਾਰ ਤੋਂ ਉਸੇ ਥਾਂ ਤੋਂ ਇਸਲਾਮਾਬਾਦ ਲਈ ਮਾਰਚ ਮੁੜ ਸ਼ੁਰੂ ਕਰੇਗੀ ਜਿੱਥੇ ਉਨ੍ਹਾਂ 'ਤੇ ਹਮਲਾ ਹੋਇਆ ਸੀ। ਜ਼ਖਮੀ ਖਾਨ ਨੂੰ ਐਤਵਾਰ ਨੂੰ ਸਫਲ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਨੂੰ ਲਾਹੌਰ ਸਥਿਤ ਉਨ੍ਹਾਂ ਦੀ ਨਿੱਜੀ ਰਿਹਾਇਸ਼ 'ਤੇ ਟਰਾਂਸਫਰ ਕਰ ਦਿੱਤਾ ਗਿਆ ਹੈ। 

'ਡਾਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਕੁਰੈਸ਼ੀ ਨੇ ਐਤਵਾਰ ਨੂੰ ਫੈਸਲਾਬਾਦ ਦੇ ਘੰਟਾਘਰ ਚੌਕ 'ਤੇ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖਾਨ ਨੇ ਉਨ੍ਹਾਂ ਨੂੰ ਆਪਣੀ ਜਗ੍ਹਾ 'ਤੇ ਮਾਰਚ ਦੀ ਅਗਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਹ (ਖਾਨ) ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ, ਪਰ ਉਹ ਰਾਵਲਪਿੰਡੀ ਵਿੱਚ ਮਾਰਚ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਫੈਸਲਾਬਾਦ ਅਤੇ ਪੂਰੇ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਖਾਨ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਵਜ਼ੀਰਾਬਾਦ 'ਚ ਖਾਨ 'ਤੇ ਹੋਏ ਹਮਲੇ ਦੇ ਅਸਲ ਸਾਜ਼ਿਸ਼ਕਰਤਾ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ : ਪੁਲਸ ਅਧਿਕਾਰੀ ਦੇ ਖਾਤੇ 'ਚ ਆਏ 10 ਕਰੋੜ, ਬੈਂਕ ਨੇ ਅਕਾਊਂਟ ਕੀਤਾ ਸੀਲ

ਵੀਰਵਾਰ ਨੂੰ ਪੰਜਾਬ ਸੂਬੇ ਦੇ ਵਜ਼ੀਰਾਬਾਦ ਸ਼ਹਿਰ ਵਿੱਚ ਸ਼ਹਿਬਾਜ਼ ਖ਼ਿਲਾਫ਼ ਇੱਕ ਰੋਸ ਮਾਰਚ ਦੌਰਾਨ ਦੋ ਬੰਦੂਕਧਾਰੀਆਂ ਨੇ ਖਾਨ 'ਤੇ ਗੋਲੀਬਾਰੀ ਕੀਤੀ। ਗੋਲੀ ਉਸ ਦੇ ਸੱਜੇ ਪੈਰ ਵਿੱਚ ਲੱਗੀ ਸੀ। ਇਸ ਹਮਲੇ ਵਿੱਚ ਇੱਕ ਕਾਰਕੁਨ ਦੀ ਮੌਤ ਹੋ ਗਈ ਸੀ। ਇਮਰਾਨ ਖਾਨ (70) ਆਪਣੀ ਚੈਰੀਟੇਬਲ ਸੰਸਥਾ ਦੀ ਮਲਕੀਅਤ ਵਾਲੇ ਸ਼ੌਕਤ ਖਾਨਮ ਹਸਪਤਾਲ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਖਾਨ ਨੇ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਸਾਡਾ ਮਾਰਚ ਮੰਗਲਵਾਰ ਨੂੰ ਵਜ਼ੀਰਾਬਾਦ ਵਿੱਚ ਉਸੇ ਥਾਂ ਤੋਂ ਮੁੜ ਸ਼ੁਰੂ ਹੋਵੇਗਾ ਜਿੱਥੇ ਮੈਨੂੰ ਅਤੇ 11 ਹੋਰਾਂ ਨੂੰ ਗੋਲੀ ਮਾਰੀ ਗਈ ਸੀ। ਜਿੱਥੇ ਮੋਅਜ਼ਮ ਦੀ ਹੱਤਿਆ ਕਰ ਦਿੱਤੀ ਗਈ ਸੀ। ਬਾਅਦ ਵਿੱਚ ਉਹ ਇੱਥੇ ਆਪਣੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਪਹੁੰਚ ਗਿਆ।


 


Vandana

Content Editor

Related News