ਇਮਰਾਨ ਖਾਨ ''ਤੇ ਵਰ੍ਹੇ ਹਾਮਿਦ ਕਰਜ਼ਈ, ਅਫਗਾਨਿਸਤਾਨ ''ਤੇ ਪਾਕਿਸਤਾਨੀ ''ਪ੍ਰਚਾਰ'' ਦੀ ਕੀਤੀ ਨਿੰਦਾ

Monday, Dec 20, 2021 - 04:15 PM (IST)

ਇਮਰਾਨ ਖਾਨ ''ਤੇ ਵਰ੍ਹੇ ਹਾਮਿਦ ਕਰਜ਼ਈ, ਅਫਗਾਨਿਸਤਾਨ ''ਤੇ ਪਾਕਿਸਤਾਨੀ ''ਪ੍ਰਚਾਰ'' ਦੀ ਕੀਤੀ ਨਿੰਦਾ

ਕਾਬੁਲ (ਬਿਊਰੋ): ਅਫਗਾਨਿਸਤਾਨ ਦੇ ਮੁੱਦੇ 'ਤੇ ਦੁਨੀਆ ਨੂੰ ਗਿਆਨ ਦੇਣ ਵਾਲੇ ਇਮਰਾਨ ਖਾਨ ਹੁਣ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਨਿਸ਼ਾਨੇ 'ਤੇ ਆ ਗਏ ਹਨ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕਾਬੁਲ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇਹ ਬਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਯੁੱਧਗ੍ਰਸਤ ਦੇਸ਼ ਵਿੱਚ ਚੱਲ ਰਹੀ ਸਿਆਸੀ ਸਥਿਤੀ ਬਾਰੇ ਟਿੱਪਣੀ ਦੇ ਨਾਲ-ਨਾਲ ਪਾਕਿਸਤਾਨ ਵੱਲੋਂ ਪੈਦਾ ਹੋਏ ਖਤਰੇ ਦੇ ਜਵਾਬ ਵਿੱਚ ਆਇਆ ਹੈ।ਅਫਗਾਨ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 

ਇਸਲਾਮਾਬਾਦ ਵਿੱਚ ਐਤਵਾਰ ਨੂੰ ਇਸਲਾਮਿਕ ਸਹਿਯੋਗ ਸੰਗਠਨ (OIC) ਦੇ ਵਿਦੇਸ਼ ਮੰਤਰੀਆਂ ਦੀ ਕੌਂਸਲ ਦੇ 17ਵੇਂ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ ਸੀ ਕਿ ਜੇਕਰ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਕੋਲ ਅੱਤਵਾਦ ਨਾਲ ਲੜਨ ਦੀ ਸਮਰੱਥਾ ਨਹੀਂ ਹੈ ਤਾਂ ਆਈਐਸ ਖ਼ਤਰਾ ਬਣ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਅਰਾਜਕਤਾ ਵੱਲ ਵਧ ਰਿਹਾ ਹੈ।

ਕਰਜ਼ਈ ਨੇ ਦਿੱਤਾ ਇਹ ਜਵਾਬ
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਦੇ ਇਸ ਬਿਆਨ ਦੇ ਜਵਾਬ ਵਿਚ ਕਰਜ਼ਈ ਨੇ ਕਿਹਾ ਕਿ ਇਹ ਦੋਸ਼ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਈਐਸ ਸ਼ੁਰੂ ਤੋਂ ਹੀ ਪਾਕਿਸਤਾਨ ਤੋਂ ਅਫ਼ਗਾਨਿਸਤਾਨ ਨੂੰ ਧਮਕੀਆਂ ਦਿੰਦਾ ਰਿਹਾ ਹੈ। ਸਾਬਕਾ ਨੇਤਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਟਿੱਪਣੀਆਂ ਸੱਚ ਨਹੀਂ ਹਨ ਅਤੇ ਅਫਗਾਨਿਸਤਾਨ ਖ਼ਿਲਾਫ਼ ਪ੍ਰਚਾਰ ਹਨ। ਸ਼ੁਰੂ ਤੋਂ ਹੀ ਅਫਗਾਨਿਸਤਾਨ ਨੂੰ ਪਾਕਿਸਤਾਨ ਤੋਂ ਦਾਏਸ਼ ਦੀ ਧਮਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਮਰਾਨ ਨੇ ਅਫਗਾਨਿਸਤਾਨ ਦੀ ਸਾਬਕਾ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਕਰਜ਼ਈ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਫਗਾਨਿਸਤਾਨ ਦੇ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ ਅਤੇ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਕਾਬੁਲ ਵੱਲੋਂ ਗੱਲ ਕਰਨੀ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਟਿੱਪਣੀਆਂ ਅਫਗਾਨਿਸਤਾਨ ਦੇ ਲੋਕਾਂ ਦਾ ਅਪਮਾਨ ਕਰਦੀਆਂ ਹਨ। ਇਸਲਾਮਿਕ ਦੇਸ਼ਾਂ ਦੀ ਇਸ ਬੈਠਕ 'ਚ ਇਮਰਾਨ ਖਾਨ ਨੇ ਤਾਲਿਬਾਨ ਦੀ ਮਦਦ ਲਈ ਧਰਮ ਦਾ ਵੀ ਹਵਾਲਾ ਦਿੱਤਾ।

 ਪੜ੍ਹੋ ਇਹ ਅਹਿਮ ਖ਼ਬਰ- ਬਾਜਵਾ ਨੇ ਸਾਊਦੀ ਵਿਦੇਸ਼ ਮੰਤਰੀ ਅੱਗੇ ਛੇੜਿਆ ਕਸ਼ਮੀਰ ਰਾਗ, ਕਿਹਾ-ਸ਼ਾਂਤੀ ਲਈ ਹੱਲ ਜ਼ਰੂਰੀ

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਦੁਨੀਆ ਨੇ ਦਖਲ ਨਹੀਂ ਦਿੱਤਾ ਤਾਂ ਅਫਗਾਨਿਸਤਾਨ 'ਚ ਸਭ ਤੋਂ ਵੱਡਾ ਮਨੁੱਖੀ ਸੰਕਟ ਪੈਦਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਮਦਦ ਕਰਨਾ ਸਾਡੀ ਧਾਰਮਿਕ ਜ਼ਿੰਮੇਵਾਰੀ ਹੈ। ਇੱਥੇ ਦੱਸ ਦਈਏ ਕਿ ਅਫਗਾਨਿਸਤਾਨ ਵਿਚ ਮਨੁੱਖੀ ਸੰਕਟ 'ਤੇ ਚਰਚਾ ਕਰਨ ਲਈ ਇਸਲਾਮਿਕ ਸਹਿਯੋਗ ਸੰਗਠਨ (OIC) ਦੇ ਮੰਤਰੀ ਪ੍ਰੀਸ਼ਦ ਦਾ 17ਵਾਂ ਵਿਸ਼ੇਸ਼ ਸੈਸ਼ਨ ਐਤਵਾਰ ਨੂੰ ਇਸਲਾਮਾਬਾਦ ਵਿਚ ਸ਼ੁਰੂ ਹੋਇਆ।

ਪੜ੍ਹੋ ਇਹ ਅਹਿਮ ਖਬਰ -ਖੈਬਰ ਪਖਤੂਨਖਵਾ ਸਥਾਨਕ ਚੋਣਾਂ 'ਚ ਇਮਰਾਨ ਖਾਨ ਦੀ ਕਈ ਜ਼ਿਲ੍ਹਿਆਂ 'ਚ ਹਾਰ


author

Vandana

Content Editor

Related News