ਸਾਊਦੀ ਅਰਬ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ, GCC ਨਾਲ MoU ’ਤੇ ਕੀਤੇ ਦਸਤਖ਼ਤ
Sunday, Sep 11, 2022 - 04:06 PM (IST)

ਰਿਆਦ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਖਾੜੀ ਸਹਿਯੋਗ ਪ੍ਰੀਸ਼ਦ (ਜੀ.ਸੀ.ਸੀ.) ਦੇ ਸਕੱਤਰ ਜਨਰਲ ਨਾਏਫ ਫਲਾਹ ਮੁਬਾਰਕ ਅਲ-ਹਜਰਫ ਨਾਲ ‘ਸਾਰਥਕ’ ਮੀਟਿੰਗ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਭਾਰਤ ਅਤੇ ਛੇ ਦੇਸ਼ਾਂ ਦੇ ਖੇਤਰੀ ਸੰਗਠਨ ਜੀ.ਸੀ.ਸੀ. ਦਰਮਿਆਨ ਇਕ ਸਲਾਹਕਾਰੀ ਵਿਧੀ ਨੂੰ ਲੈ ਕੇ ਇਕ ਸਮਝੌਤਾ ਪੱਤਰ (ਐੱਮ.ਓ.ਯੂ.) ’ਤੇ ਦਸਤਖਤ ਕੀਤੇ। ਜੈਸ਼ੰਕਰ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਸ਼ਨੀਵਾਰ ਨੂੰ ਤਿੰਨ ਦਿਨਾ ਦੌਰੇ ’ਤੇ ਸਾਊਦੀ ਅਰਬ ਪਹੁੰਚੇ ਹਨ। ਵਿਦੇਸ਼ ਮੰਤਰੀ ਵਜੋਂ ਇਹ ਸਾਊਦੀ ਅਰਬ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਜੈਸ਼ੰਕਰ ਨੇ ਸ਼ਨੀਵਾਰ ਨੂੰ ਆਪਣੀ ਯਾਤਰਾ ਦੇ ਪਹਿਲੇ ਦਿਨ ਜੀ. ਸੀ. ਸੀ. ਦੇ ਸਕੱਤਰ ਜਨਰਲ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਖੇਤਰੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਚਰਚਾ ਕੀਤੀ।
ਜੈਸ਼ੰਕਰ ਨੇ ਟਵੀਟ ਕੀਤਾ, “ਜੀ.ਸੀ.ਸੀ. ਦੇ ਜਨਰਲ ਸਕੱਤਰ ਡਾ. ਨਾਯੇਫ ਫਲਾਹ ਮੁਬਾਰਕ ਅਲ-ਹਜ਼ਰਫ ਨਾਲ ਮੀਟਿੰਗ ਸਾਰਥਕ ਰਹੀ। ਭਾਰਤ ਅਤੇ ਜੀ.ਸੀ.ਸੀ. ਵਿਚਕਾਰ ਸਲਾਹਕਾਰ ਵਿਧੀ ’ਤੇ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ। ਮੌਜੂਦਾ ਖੇਤਰੀ ਅਤੇ ਵਿਸ਼ਵ ਪੱਧਰੀ ਸਥਿਤੀ ਅਤੇ ਉਸ ਸੰਦਰਭ ’ਚ ਭਾਰਤ-ਜੀ.ਸੀ.ਸੀ. ਸਹਿਯੋਗ ਦੀ ਪ੍ਰਸੰਗਿਕਤਾ ’ਤੇ ਚਰਚਾ ਕੀਤੀ।’’ ਜੀ. ਸੀ. ਸੀ. ਇਕ ਖੇਤਰੀ, ਅੰਤਰ-ਸਰਕਾਰੀ, ਰਾਜਨੀਤਕ ਅਤੇ ਆਰਥਿਕ ਸੰਘ ਹੈ, ਜਿਸ ’ਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਭਾਰਤ ਦੇ ਜੀ.ਸੀ.ਸੀ. ਦੇ ਨਾਲ ਰਵਾਇਤੀ ਤੌਰ ’ਤੇ ਚੰਗੇ ਸਬੰਧ ਰਹੇ ਹਨ।