ਜੇ ਵਧੇ ਕੋਰੋਨਾ ਦੇ ਮਾਮਲੇ ਤਾਂ ਸਕੂਲ ਬੰਦ ਕਰਨ ''ਚ ਦੇਰੀ ਨਹੀਂ ਕਰਾਂਗੇ : ਡਗ ਫੋਰਡ
Tuesday, Sep 01, 2020 - 03:08 PM (IST)

ਓਂਟਾਰੀਓ- ਕੈਨੇਡਾ ਦੇ ਬਹੁਤੇ ਸਕੂਲਾਂ ਨੇ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਕਿਹਾ ਕਿ ਜੇਕਰ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਗਏ ਤਾਂ ਉਹ ਮੁੜ ਸਕੂਲ ਬੰਦ ਕਰਨ ਵਿਚ ਦੇਰੀ ਨਹੀਂ ਕਰਨਗੇ।
ਉਨ੍ਹਾਂ ਨੇ ਇਹ ਬਿਆਨ ਕੋਰੋਨਾ ਦੇ ਨਵੇਂ ਅੰਕੜਿਆਂ ਨੂੰ ਦੇਖਦਿਆਂ ਦਿੱਤਾ। ਸੂਬੇ ਵਿਚ 114 ਨਵੇਂ ਮਾਮਲੇ ਦਰਜ ਹੋਣ ਨਾਲ ਡਰ ਹੈ ਕਿ ਕਿਤੇ ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਨਾ ਵੱਧ ਕੇ ਸਾਹਮਣੇ ਆਉਣ। ਇਸ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਬਿਆਨ ਵਿਚ ਕਿਹਾ ਕਿ ਅਸੀਂ ਬੱਚਿਆਂ ਨੂੰ ਸਕੂਲ ਭੇਜਣ ਤੇ ਪੜ੍ਹਾਈ ਕਰਵਾਉਣ ਲਈ ਸਕੂਲ ਖੋਲ੍ਹੇ ਹਨ ਪਰ ਜੇਕਰ ਅਜਿਹੀ ਖਬਰ ਮਿਲਦੀ ਹੈ ਕਿ ਕੋਰੋਨਾ ਇਕ ਵਾਰ ਫਿਰ ਫੈਲ ਰਿਹਾ ਹੈ ਤਾਂ ਅਸੀਂ ਇਕ ਪਲ ਦਾ ਵੀ ਇੰਤਜ਼ਾਰ ਕੀਤੇ ਬਿਨਾਂ ਸਕੂਲ ਬੰਦ ਕਰਨ ਦਾ ਹੁਕਮ ਦੇ ਦੇਵਾਂਗੇ।
ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ 42,309 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨੀਵਾਰ ਨੂੰ 148 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਕਿ ਜੁਲਾਈ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਕੂਲਾਂ ਵਿਚ ਵਿਦਿਆਰਥੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਣ ਲਈ ਮਾਪਦੰਡ ਤੈਅ ਕੀਤੇ ਗਏ ਹਨ ਤੇ ਹਰੇਕ ਲਈ ਮਾਸਕ ਲਗਾਉਣਾ ਲਾਜ਼ਮੀ ਹੈ।